ਪਾਕਿਸਤਾਨ ''ਚ ਭਾਰੀ ਮੀਂਹ ਕਾਰਣ 13 ਹੋਰ ਲੋਕਾਂ ਦੀ ਮੌਤ

09/01/2020 11:26:30 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਮੰਗਲਵਾਰ ਨੂੰ ਲਗਾਤਾਰ ਮੀਂਹ ਪੈਣ ਕਾਰਣ 13 ਹੋਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਨਦੀਆਂ ਦਾ ਪਾਣੀ ਵਧ ਗਿਆ ਤੇ ਹੜ੍ਹ ਵਰਗੇ ਹਾਲਤ ਪੈਦਾ ਹੋ ਗਏ। ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਦੇਸ਼ ਭਰ ਵਿਚ ਮੀਂਹ ਪੈਣ ਦੀ ਰਿਪੋਰਟ ਦਿੱਤੀ ਹੈ ਜਦਕਿ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਹੋਰ ਮੀਂਹ ਦਾ ਅੰਦਾਜ਼ਾ ਲਾਇਆ ਹੈ।

ਐੱਨ.ਡੀ.ਐੱਮ.ਏ. ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 13 ਹੋਰ ਲੋਕਾਂ ਦੀ ਜਾਨ ਚਲੇ ਜਾਣ ਨਾਲ 15 ਜੂਨ ਤੋਂ ਮਾਨਸੂਨ ਦੇ ਇਸ ਮੌਸਮ ਵਿਚ ਹੁਣ ਤੱਕ 176 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 101 ਲੋਕ ਜਖ਼ਮੀ ਹੋ ਚੁੱਕੇ ਹਨ। ਅਥਾਰਟੀ ਮੁਤਾਬਕ ਹੁਣ ਤੱਕ ਸਿੰਧ ਵਿਚ 72, ਖੈਬਰ ਪਖਤੂਨਖਵਾ ਵਿਚ 48, ਬਲੋਚਿਸਤਾਨ ਵਿਚ 19, ਪੰਜਾਬ ਵਿਚ 16, ਗਿਲਗਿਤ ਬਾਲਟਿਸਤਾਨ ਖੇਤਰ ਵਿਚ 11 ਅਤੇ ਮਕਬੂਜਾ ਕਸ਼ਮੀਰ ਵਿਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐੱਨ.ਡੀ.ਐੱਮ.ਏ. ਨੇ ਖਬਰ ਦਿੱਤੀ ਹੈ ਕਿ ਮੀਂਹ, ਹੜ੍ਹ ਤੇ ਜ਼ਮੀਨ ਖਿਸਕਣ ਕਾਰਣ 1307 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਜਦੋਂ ਕਿ 853 ਹੋਰ ਮਕਾਨਾਂ ਨੂੰ ਥੋੜਾ ਨੁਕਸਾਨ ਪਹੁੰਚਿਆ ਹੈ। ਬਚਾਅ ਤੇ ਰਾਹਤ ਕਾਰਜ ਚੱਲ ਰਹੇ ਹਨ ਤੇ ਫੌਜ ਦੇ ਜਵਾਨ ਨਾਗਰਿਕ ਪ੍ਰਸ਼ਾਸਨ ਨੂੰ ਇਸ ਕੰਮ ਵਿਚ ਸਹਿਯੋਗ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਨਾਲ ਨਦੀਆਂ ਉਫਾਨ 'ਤੇ ਆ ਗਈਆਂ ਹਨ ਅਤੇ ਹੜ੍ਹ ਵਰਗੇ ਹਾਲਤ ਬਣ ਗਏ ਹਨ। ਮੌਸਮ ਵਿਭਾਗ ਨੇ ਹੋਰ ਮੀਂਹ ਪੈਣ ਦਾ ਅੰਦਾਜ਼ਾ ਲਗਾਇਆ ਹੈ।

Baljit Singh

This news is Content Editor Baljit Singh