ਚੀਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਤੇ 24 ਲਾਪਤਾ

08/21/2019 12:59:22 PM

ਚੇਂਗਦੂ— ਚੀਨ ਦੇ ਦੱਖਣ-ਪੱਛਮੀ ਸੂਬੇ ਸਿਚੁਆਨ ਦੇ ਆਬਾ ਤਿਬੇਤਾਨ ਅਤੇ ਕਿਆਂਗ ਸਵਾਇਤਸ਼ਾਸੀ ਇਲਾਕੇ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 24 ਲਾਪਤਾ ਹੋ ਗਏ। ਸੂਬਾ ਆਫਤ ਪ੍ਰਬੰਧਨ ਬਿਊਰੋ ਮੁਤਾਬਕ ਇਸ ਸੂਬੇ 'ਚ ਮੰਗਲਵਾਰ ਸ਼ਾਮ ਤਕ ਪਏ ਭਾਰੀ ਮੀਂਹ ਕਾਰਨ 17 ਸ਼ਹਿਰ ਪ੍ਰਭਾਵਿਤ ਹੋਏ ਹਨ ਅਤੇ ਇਸ ਕਾਰਨ ਘੱਟ ਤੋਂ ਘੱਟ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ 3 ਦੀ ਹਾਲਤ ਗੰਭੀਰ ਹੈ।

ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਅਤੇ ਵੇਂਚੁਆਨ ਕਾਊਂਟੀ ਇਲਾਕਾ ਕਾਫੀ ਪ੍ਰਭਾਵਿਤ ਹੋਇਆ, ਜਿਸ 'ਚੋਂ 34 ਹਜ਼ਾਰ ਤੋਂ ਵਧੇਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਦੇ ਇਲਾਵਾ 13 ਹਜ਼ਾਰ ਹੋਰ ਸੈਲਾਨੀਆਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਵੈਨਚੁਆਨ ਦੇ ਵੋਲੋਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ 'ਚ ਫਸੇ 12 ਹਜ਼ਾਰ ਤੋਂ ਵਧੇਰੇ ਸੈਲਾਨੀਆਂ ਨੂੰ ਕੱਢਣ ਦੀ ਕੋਸ਼ਿਸ਼ 'ਚ ਸਥਾਨਕ ਪ੍ਰਸ਼ਾਸਨ ਜੁਟਿਆ ਹੋਇਆ ਹੈ। ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਵੋਲੋਂਗ ਦੇ ਜੇਂਗਡਾ ਸ਼ਹਿਰ 'ਚ ਬੁੱਧਵਾਰ ਤੜਕੇ ਬਿਜਲੀ ਸਪਲਾਈ ਅਤੇ ਐਮਰਜੈਂਸੀ ਸੰਚਾਰ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਜਦਕਿ ਪੀਣ ਵਾਲੇ ਪਾਣੀ ਦੀ ਸਪਲਾਈ ਅਜੇ ਵੀ ਰੁਕੀ ਹੋਈ ਹੈ। ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ।