ਟੋਰਾਂਟੋ 'ਚ ਗਰਮੀ ਕੱਢੇਗੀ ਲੋਕਾਂ ਦੇ ਵੱਟ, ਵਾਤਾਵਰਣ ਕੈਨੇਡਾ ਵਲੋਂ ਚਿਤਾਵਨੀ ਜਾਰੀ

07/15/2018 6:10:24 PM

ਟੋਰਾਂਟੋ (ਏਜੰਸੀ)— ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਸ਼ਨੀਵਾਰ ਨੂੰ ਵਾਤਾਵਰਣ ਕੈਨੇਡਾ ਵਲੋਂ ਗਰਮੀ ਵਧਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 'ਚ ਵਾਧੇ ਕਾਰਨ ਸ਼ਹਿਰ ਵਾਸੀਆਂ ਨੂੰ ਅਲਰਟ ਕੀਤਾ ਗਿਆ ਹੈ। ਵਾਤਾਵਰਣ ਕੈਨੇਡਾ ਵਲੋਂ ਇਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਲੋਕ ਸਾਵਧਾਨ ਰਹਿਣ, ਬਦਲਦੇ ਮੌਸਮ ਅਤੇ ਵਧਦੇ ਤਾਪਮਾਨ ਤੋਂ ਖੁਦ ਨੂੰ ਸੁਰੱਖਿਅਤ ਰੱਖਣ। 
ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਤਾਪਮਾਨ 27 ਡਿਗਰੀ ਸੈਲਸੀਅਸ ਸੀ ਅਤੇ ਦੁਪਹਿਰ ਦੇ ਸਮੇਂ ਤਾਪਮਾਨ 'ਚ ਹੋਰ ਵਾਧਾ ਹੋਇਆ। ਐਤਵਾਰ ਨੂੰ ਤਾਪਮਾਨ 30 ਡਿਗਰੀ ਤਕ ਪਹੁੰਚਣ ਦੀ ਸੰਭਾਵਨਾ ਹੈ। ਵਾਤਾਵਰਣ ਕੈਨੇਡਾ ਵਲੋਂ ਕਿਹਾ ਗਿਆ ਹੈ ਕਿ ਲਗਾਤਾਰ ਦੋ ਦਿਨ, ਦਿਨ ਦਾ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਬਣਿਆ ਰਹੇਗਾ।
ਦੱਸਣਯੋਗ ਹੈ ਕਿ ਕੈਨੇਡਾ ਦੇ ਸੂਬੇ ਕਿਊਬਿਕ 'ਚ ਬੀਤੇ ਦਿਨੀਂ ਲੂ ਲੱਗਣ ਕਾਰਨ 70 ਮੌਤਾਂ ਹੋਈਆਂ। ਇਕੱਲੇ ਕਿਊਬਿਕ ਵਿਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਕਿਊਬਿਕ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਜ਼ਿਆਦਾ ਗਰਮੀ ਕਾਰਨ ਮੌਤਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇੱਥੇ ਦੱਸ ਦੇਈਏ ਕਿ ਜੁਲਾਈ ਦੀ ਸ਼ੁਰੂਆਤ ਤੋਂ ਹੀ ਪੂਰਬੀ ਕੈਨੇਡਾ ਲੂ ਤੋਂ ਪ੍ਰਭਾਵਿਤ ਹੈ, ਜਿਸ ਕਾਰਨ ਟੋਰਾਂਟੋ ਵਾਸੀਆਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਹੈ।