ਕਦੇ ਕੰਡਕਟਰ ਸੀ ਇਹ ਪੰਜਾਬੀ, ਅੱਜ ਪੁੱਜਿਆ ਯੂ.ਕੇ. ਦੀ ਪਾਰਲੀਮੈਂਟ 'ਚ

07/16/2017 5:00:57 PM

ਲੰਡਨ, (ਰਮਨਦੀਪ ਸਿੰਘ ਸੋਢੀ)— ਪਿਛਲੇ ਮਹੀਨੇ ਹੋਈਆਂ ਇੰਗਲੈਂਡ ਦੀਆਂ ਲੋਕ ਸਭਾ ਚੋਣਾਂ ਦੌਰਾਨ ਈਲਿੰਗ ਸਾਊਥਾਲ ਤੋਂ ਚੋਣ ਜਿੱਤ ਕੇ ਚੌਥੀ ਵਾਰ ਸੰਸਦ ਵਿਚ ਪਹੁੰਚੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਯੂ. ਕੇ. ਵਿਚ ਵੀ ਸਮਾਜਿਕ ਸਮਾਨਤਾ ਅਤੇ ਆਪਸੀ ਭਾਈਚਾਰੇ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ। ਵਰਿੰਦਰ ਸ਼ਰਮਾ ਨਾਲ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਲੰਡਨ ਵਿਚ ਗੱਲਬਾਤ ਕੀਤੀ। ਪੇਸ਼ ਹੈ ਪੂਰੀ ਗੱਲਬਾਤ :
ਪ੍ਰਸ਼ਨ— ਤੁਸੀਂ ਚੌਥੀ ਵਾਰ ਸੰਸਦ ਵਿਚ ਪਹੁੰਚੇ ਹੋ। ਜਨਤਾ ਤੋਂ ਮਿਲੇ ਇੰਨੇ ਪਿਆਰ ਦਾ ਰਾਜ਼ ਕੀ ਹੈ?
ਉੱਤਰ— ਇਹ ਬਹੁਤ ਸਿੰਪਲ ਹੈ। ਮੈਂ ਜਨਤਾ ਵਿਚ ਰਹਿੰਦਾ ਹਾਂ। ਬੱਸ ਰਾਹੀਂ ਯਾਤਰਾ ਕਰਦਾ ਹਾਂ। ਦੁਨੀਆ ਵਿਚ ਕੋਈ ਵੀ ਸਿਆਸਤਦਾਨ  ਜੇਕਰ ਜਨਤਾ ਦੀ ਪਹੁੰਚ ਵਿਚ ਹੈ ਤਾਂ ਜਨਤਾ ਉਸ ਨੂੰ ਪਿਆਰ ਕਰਦੀ ਹੀ ਹੈ। ਮੈਂ ਲੋਕਾਂ ਦੇ ਨਾਲ ਰਹਿ ਕੇ ਉਨ੍ਹਾਂ ਦੇ ਮੁੱਦੇ ਸੁਣਦਾ ਹਾਂ ਅਤੇ ਉਨ੍ਹਾਂ ਨੂੰ  ਸੰਸਦ ਵਿਚ ਉਠਾਉਂਦਾ ਹਾਂ। ਲਿਹਾਜ਼ਾ ਲੋਕ ਮੈਨੂੰ ਪਿਆਰ ਕਰਦੇ ਹਨ। ਮੇਰੀ ਪਹਿਲੀ ਜਿੱਤ ਦਾ ਫਰਕ 5000 ਵੋਟਾਂ ਸੀ। ਜਦ ਕਿ ਇਸ ਵਾਰ ਦੀਆਂ ਚੋਣਾਂ ਵਿਚ ਮੈਂ 22 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਿਆ ਹਾਂ। ਇਹ ਜਨਤਾ ਦੇ ਪਿਆਰ ਦਾ ਹੀ ਨਤੀਜਾ ਹੈ।
ਪ੍ਰਸ਼ਨ— ਇੰਗਲੈਂਡ 'ਚ ਸ਼ੁਰੂਆਤੀ ਦੌਰ 'ਚ ਤੁਹਾਨੂੰ ਕਿਵੇਂ ਸੰਘਰਸ਼ ਕਰਨਾ ਪਿਆ?
ਉੱਤਰ— ਮੈਂ ਵਿਦੇਸ਼ ਵਿਚ ਗਏ ਆਪਣੇ ਪਿੰਡ ਦੇ ਮੁੰਡਿਆਂ ਦੇ ਠਾਠ-ਬਾਠ ਤੋਂ ਪ੍ਰਭਾਵਿਤ ਹੋ ਕੇ ਇੰਗਲੈਂਡ ਆਇਆ। ਮੈਂ ਆਪਣੀ ਸ਼ੁਰੂਆਤੀ ਪੜ੍ਹਾਈ ਆਰੀਆ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ ਮੈਂ ਕਾਲਜ ਦੀ ਪੜ੍ਹਾਈ ਕਰ ਕੇ ਪੈਸੇ ਕਮਾਉਣ ਦੇ ਮਕਸਦ ਨਾਲ ਵਿਆਹ ਕਰਾ ਕੇ ਇੰਗਲੈਂਡ ਆ ਗਿਆ। ਮੇਰੇ ਦੋ ਭਰਾ ਪਹਿਲਾਂ ਤੋਂ ਹੀ ਇੰਗਲੈਂਡ ਵਿਚ ਸਨ। ਮੈਂ ਇਥੇ ਆ ਕੇ ਪਹਿਲਾਂ ਕੰਡਕਟਰ ਦੇ ਤੌਰ 'ਤੇ ਕੰਮ ਕੀਤਾ। ਉਹ ਦੌਰ ਬਹੁਤ ਮੁਸ਼ਕਲ ਸੀ। ਇਸ ਦੌਰਾਨ ਮੈਂ ਦੋ ਸਾਲ ਬੁਕਿੰਗ ਕਲਰਕ ਵੀ ਰਿਹਾ। 1972 ਵਿਚ ਮੈਂ ਟਰੇਡ ਯੂਨੀਅਨ ਮੂਵਮੈਂਟ ਨਾਲ ਸਿਆਸਤ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਵਿਚ ਮੇਰਾ ਮਕਸਦ ਕੌਂਸਲਰ, ਮੇਅਰ ਜਾਂ ਸੰਸਦ ਮੈਂਬਰ ਬਣਨਾ ਨਹੀਂ ਸੀ। 
ਪ੍ਰਸ਼ਨ— ਕੀ ਇੰਗਲੈਂਡ ਵਿਚ ਕਦੇ ਨਸਲਭੇਦ ਦਾ ਸਾਹਮਣਾ ਕਰਨਾ ਪਿਆ?
ਉੱਤਰ— 1968 ਵਿਚ ਜਦੋਂ ਮੈਂ ਇਥੇ ਆਇਆ ਤਾਂ ਉਸ ਸਮੇਂ ਨਸਲਭੇਦ ਆਪਣੇ ਸਿਖਰਾਂ 'ਤੇ ਸੀ। ਉਸ ਸਮੇਂ ਇੰਗਲੈਂਡ ਵਿਚ ਏਸ਼ੀਅਨ ਵਰਕਰਜ਼ ਨਾਲ ਭੇਦਭਾਵ ਹੁੰਦਾ ਸੀ। ਲਿਹਾਜ਼ਾ ਹੋਰ ਏਸ਼ੀਅਨਜ਼ ਦੇ ਨਾਲ-ਨਾਲ ਮੈਨੂੰ ਵੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਜੇਕਰ ਇਥੋਂ ਦਾ ਸਿਸਟਮ ਠੀਕ ਹੁੰਦਾ ਤਾਂ ਮੈਂ ਜਿਸ ਸਮੇਂ ਐੱਮ. ਪੀ. ਚੁਣਿਆ ਗਿਆ ਉਸ ਤੋਂ ਕਰੀਬ 10-15 ਸਾਲ ਪਹਿਲਾਂ ਐੱਮ. ਪੀ. ਬਣ ਜਾਂਦਾ।
ਪ੍ਰਸ਼ਨ— ਬਤੌਰ ਸੰਸਦ ਮੈਂਬਰ ਆਪਣੇ ਪੰਜਾਬੀਆਂ ਦੀ ਕਿਹੜੀ ਸਮੱਸਿਆ ਸੰਸਦ ਵਿਚ ਉਠਾਈ?
ਉੱਤਰ— ਸਭ ਤੋਂ ਵੱਡੀ ਸਮੱਸਿਆ ਇਮੀਗ੍ਰੇਸ਼ਨ ਦੀ ਹੈ। ਇਥੋਂ ਦੇ ਕਈ ਕਾਲਜਾਂ ਨੇ ਪੰਜਾਬੀ ਵਿਦਿਆਰਥੀਆਂ ਦਾ ਸ਼ੋਸ਼ਣ ਕੀਤਾ। ਇਹ ਸਹੀ ਗੱਲ ਹੈ ਕਿ ਉਥੇ ਪੜ੍ਹਨ ਆਉਣ ਵਾਲੇ ਕੁਝ ਵਿਦਿਆਰਥੀ ਨਾਜਾਇਜ਼ ਰੂਪ ਵਿਚ ਇਥੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਪਰ ਸਾਰੇ ਵਿਦਿਆਰਥੀ ਅਜਿਹੇ ਨਹੀਂ ਹੁੰਦੇ। ਕੁਝ ਵਿਦਿਆਰਥੀਆਂ ਦੇ ਕਾਰਨ ਹੀ ਹੋਰ ਵਿਦਿਆਰਥੀਆਂ ਨੂੰ ਵੀ ²ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ। ਮੈਂ ਕਾਲਜਾਂ ਦੀ ਇਸ ਨਾ-ਇਨਸਾਫੀ ਨੂੰ ਸਦਨ  ਵਿਚ ਉਠਾਇਆ ਅਤੇ ਉਸ ਨਾਲ ਕਾਫੀ ਲੋਕਾਂ ਨੂੰ ਫਾਇਦਾ ਵੀ ਹੋਇਆ। ਮੈਂ ਸਦਨ ਵਿਚ  ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਦੀ ਆਵਾਜ਼ ਉਠਾਈ। ਉਂਝ ਵੀ ਹੁਣ ਹਿੰਦੋਸਤਾਨ ਬਦਲ ਚੁੱਕਾ ਹੈ। ਪੰਜਾਬ ਵਿਚ ਕਈ ਕਾਲਜ ਖੁੱਲ੍ਹ ਗਏ ਹਨ। ਨੌਜਵਾਨ ਉਥੇ ਪੜ੍ਹ ਕੇ ਚੰਗੇ ਡਾਕਟਰ ਅਤੇ ਇੰਜੀਨੀਅਰ ਬਣਨ ਅਤੇ ਯੂ. ਕੇ. ਜਾਂ ਹੋਰ ਦੇਸ਼ਾਂ ਵਿਚ  ਜਾਣ ਤੋਂ ਬਚਣ।
ਪ੍ਰਸ਼ਨ— ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਾਰਨ ਲਈ ਤੁਸੀਂ ਕੀ ਕਦਮ ਚੁੱਕ ਰਹੇ ਹੋ?
ਉੱਤਰ— ਰਿਸ਼ਤਿਆਂ ਵਿਚ ਸੁਧਾਰ ਦਾ ਸਭ ਤੋਂ ਵੱਡਾ ਕੰਮ ਸਿੱਖਿਆ ਰਾਹੀਂ ਹੋ ਸਕਦਾ ਹੈ। ਇੰਗਲੈਂਡ ਦੀਆਂ ਕਈ ਕੰਪਨੀਆਂ ਭਾਰਤ ਵਿਚ ਨਿਵੇਸ਼ ਕਰ ਰਹੀਆਂ ਹਨ। ਮੇਰਾ ਵਿਚਾਰ ਇਹ ਹੈ ਕਿ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਇਥੇ ਪੜ੍ਹਾਈ ਦੇ ਇਲਾਵਾ 2 ਸਾਲ ਤਕ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਇਥੋਂ ਦਾ ਕਲਚਰ ਸਿੱਖ ਸਕੇ ਅਤੇ  ਭਾਰਤ ਵਿਚ ਨਿਵੇਸ਼ ਕਰਨ ਵਾਲੀਆਂ ਇੰਗਲੈਂਡ ਦੀਆਂ ਕੰਪਨੀਆਂ ਨੂੰ ਇਥੋਂ ਤਿਆਰ ਹੋਈ ਅਜਿਹੀ ਵਰਕ ਫੋਰਸ ਮਿਲ ਜਾਵੇਗੀ ਜੋ ਉਨ੍ਹਾਂ ਕੰਪਨੀਆਂ ਦੇ ਹਿਸਾਬ ਨਾਲ ਕੰਮ ਕਰੇਗੀ। ਇਸ ਤੋਂ ਇਲਾਵਾ ਰਿਸ਼ਤੇ ਸੁਧਾਰਨ ਦਾ ਦੂਜਾ ਕੰਮ ਵਿਆਹਾਂ ਵਿਚ ਲਚਕੀਲਾਪਨ ਲਿਆ ਕੇ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਥੇ ਰਹਿਣ ਵਾਲੇ ਲੋਕਾਂ ਨੂੰ ਭਾਰਤ ਵਿਚ ਰਿਸ਼ਤੇ ਕਰਨੇ ਚਾਹੀਦੇ ਹਨ ਕਿਉਂਕਿ ਰੋਟੀ ਅਤੇ ਬੇਟੀ ਦੀ ਸਾਂਝ ਸਭ ਤੋਂ ਵੱਡੀ ਸਾਂਝ ਮੰਨੀ ਗਈ ਹੈ।
ਪ੍ਰਸ਼ਨ— ਭਾਰਤ ਵਲੋਂ ਜਾਰੀ ਕੀਤੀ ਗਈ ਕਾਲੀ ਸੂਚੀ 'ਤੇ ਤੁਸੀਂ ਕਦੇ ਆਵਾਜ਼ ਉਠਾਈ ਹੈ?
ਉੱਤਰ— ਇਸ ਮਾਮਲੇ ਵਿਚ ਭਾਰਤੀ ਹਾਈ ਕਮਿਸ਼ਨ ਦੇ ਇਲਾਵਾ ਭਾਰਤ ਦੀ ਸਰਕਾਰ ਨੂੰ ਵੀ ਲਿਖਿਆ ਹੈ। ਮੈਨੂੰ ਲੱਗਦਾ ਹੈ ਕਿ ਉਸ ਦੌਰ ਵਿਚ ਬਹੁਤ ਸਾਰੇ ਲੋਕਾਂ ਨੇ ਹਾਲਾਤ ਦਾ ਫਾਇਦਾ ਉਠਾ ਕੇ ਇਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਥੋਂ ਦੇ ਸਮਾਜ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਸੋਚ ਵਿਚ ਵੀ ਬਦਲਾਅ ਆਇਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਆਪਸੀ ਤਣਾਅ ਤੇ ਆਰਥਿਕਤਾ ਦੇ ਨਾਲ-ਨਾਲ ਰਿਸ਼ਤੇ ਵੀ ਵਿਗੜਦੇ ਹਨ। ਲਿਹਾਜ਼ਾ ਇਸ ਮਾਮਲੇ ਨੂੰ ਹੱਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਪ੍ਰਸ਼ਨ— ਪਿੰਡ 'ਚ ਬਿਤਾਏ ਕਿਹੜੇ-ਕਿਹੜੇ ਪਲ ਤੁਹਾਨੂੰ ਹੁਣ ਵੀ ਯਾਦ ਆਉਂਦੇ ਹਨ?
ਉੱਤਰ— ਮਾਂ-ਬਾਪ ਦੇ ਦਮ 'ਤੇ ਕੀਤੀ ਗਈ ਐਸ਼ ਯਾਦ ਆਉਂਦੀ ਹੈ। ਆਪਣੇ ਦਮ 'ਤੇ ਤਾਂ ਅਸੀਂ ਸਿਰਫ ਗੁਜ਼ਾਰਾ ਹੀ ਕਰ ਰਹੇ ਹਾਂ। ਮੈਨੂੰ ਯਾਦ ਹੈ ਕਿ ਮੈਂ ਬਚਪਨ ਵਿਚ ਪਿੰਡ 'ਚ ਹਾਕੀ ਤੇ ਕਬੱਡੀ ਖੇਡਿਆ ਕਰਦਾ ਸੀ। ਜਦੋਂ ਬਰਸਾਤ ਹੋ ਜਾਂਦੀ ਸੀ ਅਤੇ ਮੈਦਾਨ ਗਿੱਲਾ ਹੋ ਜਾਂਦਾ ਸੀ ਤਾਂ ਅਸੀਂ ਪਿੰਡ ਦੀ ਫਿਰਨੀ 'ਤੇ ਦੋਸਤਾਂ ਨਾਲ ਬੈਠ ਜਾਂਦੇ ਸੀ ਅਤੇ ਭੱਠੀ 'ਤੇ ਮੱਕੀ ਦੇ ਦਾਣੇ ਖਾਂਦੇ ਸੀ। ਮੈਨੂੰ ਦੋਸਤਾਂ ਨਾਲ ਆਪਣੇ ਟਿਊਬਵੈੱਲ 'ਤੇ ਗੰਨੇ ਦੀ ਰਸ ਪੀਣ ਦੇ ਕਿੱਸੇ ਵੀ ਯਾਦ ਹਨ ਪਰ ਉਹ ਦੌਰ ਹੁਣ ਕਦੇ ਪਰਤ ਕੇ ਨਹੀਂ ਆਵੇਗਾ। ਹੁਣ ਤਾਂ ਪੁਰਾਣੇ ਦੋਸਤਾਂ ਨਾਲ ਦੋ-ਦੋ ਸਾਲ ਗੱਲ ਨਹੀਂ ਹੁੰਦੀ। ਮਨ ਉਸ ਸਮੇਂ ਬਹੁਤ ਦੁਖੀ ਹੁੰਦਾ ਹੈ ਜਦੋਂ ਭਾਰਤ ਜਾਣ 'ਤੇ ਪਤਾ ਲੱਗਦਾ ਹੈ ਕਿ ਮੇਰਾ ਕੋਈ ਪੁਰਾਣਾ ਦੋਸਤ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ।