FBI ਨੇ ਕੀਤਾ ਖੁਲਾਸਾ, ਅਮਰੀਕਾ 'ਚ 2021 'ਚ ਵਧੇ ਨਫਰਤ ਅਪਰਾਧ ਦੇ ਮਾਮਲੇ

03/14/2023 10:43:45 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ 2021 ਵਿੱਚ ਨਫ਼ਰਤੀ ਅਪਰਾਧ ਦੇ ਮਾਮਲਿਆਂ ਵਿੱਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ। ਇਹ ਜਾਣਕਾਰੀ ਅਮਰੀਕਾ ਦੇ ਨਿਆਂ ਵਿਭਾਗ ਦੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨੇ ਦਿੱਤੀ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ 'ਚ 12 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਪਿਛਲੀ ਅਧੂਰੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਮਾਮਲਿਆਂ 'ਚ ਕਮੀ ਆਈ ਹੈ। ਹਾਲਾਂਕਿ ਰਿਪੋਰਟ ਵਿੱਚ ਨਿਊਯਾਰਕ ਅਤੇ ਲਾਸ ਏਂਜਲਸ ਸਮੇਤ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਦੇ ਅੰਕੜੇ ਨਹੀਂ ਹਨ। 

ਕੈਲੀਫੋਰਨੀਆ ਸਟੇਟ ਯੂਨੀਵਰਸਿਟੀ-ਸਾਨ ਬਰਨਾਰਡੀਨੋ ਵਿਖੇ ਸੈਂਟਰ ਫਾਰ ਦ ਸਟੱਡੀ ਆਫ ਹੇਟ ਐਂਡ ਕ੍ਰਾਈਮ ਦੇ ਡਾਇਰੈਕਟਰ ਬ੍ਰਾਇਨ ਲੇਵਿਨ ਨੇ ਕਿਹਾ ਕਿ ਦਹਾਕਿਆਂ ਵਿੱਚ ਨਫ਼ਰਤ ਦੇ ਅਪਰਾਧ ਸਭ ਤੋਂ ਵੱਧ ਹਨ। ਉਹਨਾਂ ਨੇ ਕਿਹਾ ਕਿ "ਅਸੀਂ ਇੱਕ ਅਜਿਹੇ ਚਿੰਤਾਜਨਕ ਸਮੇਂ ਵਿੱਚ ਰਹਿ ਰਹੇ ਹਾਂ, ਜਿੱਥੇ ਨਫ਼ਰਤੀ ਅਪਰਾਧ ਵੱਧ ਰਹੇ ਹਨ"। ਐਫਬੀਆਈ ਦੀ ਰਿਪੋਰਟ ਅਨੁਸਾਰ ਪੀੜਤਾਂ ਵਿਚੋਂ ਜ਼ਿਆਦਾਤਰ 64.5 ਪ੍ਰਤੀਸ਼ਤ ਨੂੰ ਉਨ੍ਹਾਂ ਦੀ ਨਸਲ, ਜਾਤੀ ਜਾਂ ਵੰਸ਼ ਕਾਰਨ ਨਿਸ਼ਾਨਾ ਬਣਾਇਆ ਗਿਆ। ਹੋਰ 16 ਪ੍ਰਤੀਸ਼ਤ ਨੂੰ ਉਨ੍ਹਾਂ ਦੀ ਲਿੰਗੀ ਪਸੰਦ ਕਾਰਨ ਅਤੇ 14 ਪ੍ਰਤੀਸ਼ਤ ਨੂੰ ਧਾਰਮਿਕ ਪੱਖਪਾਤ ਕਾਰਨ ਨਿਸ਼ਾਨਾ ਬਣਾਇਆ ਗਿਆ। ਅਜਿਹੇ ਅਪਰਾਧ ਅਕਸਰ ਡਰਾਉਣ-ਧਮਕਾਉਣ ਅਤੇ ਹਮਲੇ ਦੁਆਰਾ ਕੀਤੇ ਜਾਂਦੇ ਹਨ। ਨਫਰਤ ਦੇ ਆਧਾਰ 'ਤੇ ਕਤਲ ਦੇ 18 ਮਾਮਲੇ ਸਾਹਮਣੇ ਆਏ। ਵੈਸਟਰਨ ਸਟੇਟਸ ਸੈਂਟਰ ਦੇ ਚੀਫ਼ ਆਫ਼ ਸਟਾਫ਼ ਜਿਲ ਗਾਰਵੇ ਨੇ ਦੱਸਿਆ ਕਿ ਧਾਰਮਿਕ ਮਾਮਲਿਆਂ ਵਿੱਚੋਂ ਅੱਧੇ ਵਿੱਚ ਯਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਰੂਸੀ ਪਤਨੀਆਂ, ਮਾਵਾਂ ਦਾ ਛਲਕਿਆ ਦਰਦ, ਪੁਤਿਨ ਨੂੰ ਪਤੀਆਂ ਤੇ ਪੁੱਤਰਾਂ ਦੀ ਸਲਾਮਤੀ ਲਈ ਕੀਤੀ ਅਪੀਲ

ਸੋਮਵਾਰ ਨੂੰ ਜਾਰੀ ਐਫਬੀਆਈ ਦੀ ਰਿਪੋਰਟ ਵਿੱਚ ਅਜਿਹੇ ਮਾਮਲਿਆਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਰੱਖਣ 'ਤੇ ਜ਼ੋਰ ਦਿੱਤਾ ਗਿਆ। ਗਾਰਵੇ ਨੇ ਕਿਹਾ ਕਿ “ਸਾਡੇ ਕੋਲ ਅਜੇ ਵੀ ਇਸ ਸਮੱਸਿਆ ਦੀ ਜੜ੍ਹ ਤੱਕ ਜਾਣ ਲਈ ਲੋੜੀਂਦਾ ਡੇਟਾ ਨਹੀਂ ਹੈ।” ਦਸੰਬਰ ਵਿੱਚ ਜਾਰੀ ਪਿਛਲੀ ਰਿਪੋਰਟ ਵਿੱਚ ਅਜਿਹੇ ਮਾਮਲਿਆਂ ਵਿੱਚ ਕਮੀ ਇਸ ਲਈ ਸੀ ਕਿਉਂਕਿ ਪੁਲਸ ਨੇ ਆਪਣੇ ਅੰਕੜੇ ਐਫਬੀਆਈ ਨੂੰ ਕਿਵੇਂ ਸੌਂਪਣੇ ਹਨ ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਸੀ। ਵਧੇਰੇ ਸਪੱਸ਼ਟਤਾ ਲਈ, ਏਜੰਸੀ ਦੇ ਅਧਿਕਾਰੀਆਂ ਨੇ ਵੱਡੇ ਵਿਭਾਗਾਂ ਨੂੰ ਪਿਛਲੀ ਪ੍ਰਣਾਲੀ ਦੇ ਤਹਿਤ ਰਿਪੋਰਟ ਕਰਨ ਦੀ ਇਜਾਜ਼ਤ ਦਿੱਤੀ। ਐਸੋਸੀਏਟ ਅਟਾਰਨੀ ਜਨਰਲ ਵਨੀਤਾ ਗੁਪਤਾ ਨੇ ਕਿਹਾ ਕਿ “ਨਫ਼ਰਤੀ ਅਪਰਾਧਾਂ ਅਤੇ ਉਹਨਾਂ ਦੁਆਰਾ ਭਾਈਚਾਰਿਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਹੈ। ਨਿਆਂ ਮੰਤਰਾਲਾ ਪੱਖਪਾਤੀ ਹਿੰਸਾ ਦੇ ਸਾਰੇ ਰੂਪਾਂ ਨੂੰ ਹੱਲ ਕਰਨ ਲਈ ਉਪਲਬਧ ਹਰ ਸਰੋਤ ਦੀ ਵਰਤੋਂ ਕਰਨ ਲਈ ਵਚਨਬੱਧ ਹੈ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana