ਜਨਮ ਤੋਂ ਬਾਅਦ ਚਰਚਾ ''ਚ ਹੈਰੀ-ਮੇਗਨ ਦਾ ਬੇਟਾ
05/07/2019 8:02:16 PM
ਲੰਡਨ— ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੂੰ ਇਕ ਬੇਟਾ ਹੋਣ ਤੋਂ ਬਾਅਦ ਹੁਣ ਹਰ ਥਾਂ ਉਸ ਦੇ ਨਾਂ ਨੂੰ ਲੈ ਕੇ ਅਟਕਲਾਂ ਲੱਗ ਰਹੀਆਂ ਹਨ। ਬ੍ਰਿਟੇਨ ਦੇ ਕਾਨੂੰਨੀ ਸੱਟੇਬਾਜ਼ਾਂ ਨੇ ਮੰਗਲਵਾਰ ਨੂੰ ਐਲੇਕਜ਼ੈਂਡਰ, ਜੇਮਸ ਤੇ ਆਰਥਰ ਨਾਂਵਾਂ 'ਤੇ ਬਹੁਤ ਜ਼ਿਆਦਾ ਰੂਚੀ ਦਿਖਾਈ।
ਸੱਟੇਬਾਜ਼ਾਂ ਨੇ ਸਪੈਂਸਰ ਨਾਂ 'ਤੇ ਵੀ ਅਟਕਲਾਂ ਲਾਈਆਂ ਹਨ, ਜੋ ਹੈਰੀ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦਾ ਪਹਿਲਾ ਨਾਮ ਹੈ। ਨਾਮ 'ਚ ਪਹਿਲਾਂ ਜਾਂ ਵਿਚਾਲੇ ਸਪੈਂਸਰ ਦੀ ਚੋਣ ਕਰਨਾ ਹੈਰੀ ਦਾ ਆਪਣੀ ਮਾਂ ਡਾਇਨਾ ਨੂੰ ਸਨਮਾਨ ਦੇਣ ਦਾ ਤਰੀਕਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀ ਸਾਲ 1997 'ਚ ਪੈਰਿਸ 'ਚ ਕਾਰ ਹਾਦਸੇ 'ਚ ਮੌਤ ਹੋ ਗਈ ਸੀ। ਉਸ ਵੇਲੇ ਹੈਰੀ ਸਿਰਫ 12 ਸਾਲ ਦੇ ਸਨ।
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਡਚਸ ਆਫ ਸੁਸੈਕਸ ਮੇਗਨ ਅਜਿਹਾ ਨਾਂ ਚੁਣੇਗੀ ਜੋ ਕਿ ਉਨ੍ਹਾਂ ਦੀ ਅਮਰੀਕੀ ਵਿਰਾਸਤ ਨੂੰ ਦਰਸਾਉਂਦਾ ਹੋਵੇ। ਫਿਲਹਾਲ ਬੱਚੇ ਨੂੰ 'ਬੇਬੀ ਸੁਸੈਕਸ' ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਬੱਚੇ ਦਾ ਜਨਮ ਸੋਮਵਾਰ ਤੜਕੇ ਹੋਇਆ। ਸ਼ਾਹੀ ਜੋੜੇ ਨੇ ਅਜੇ ਨਹੀਂ ਦੱਸਿਆ ਹੈ ਕਿ ਬੱਚੇ ਦਾ ਜਨਮ ਘਰ 'ਚ ਹੋਇਆ ਜਾਂ ਹਸਪਤਾਲ 'ਚ।