ਸ਼੍ਰੋਮਣੀ ਕਮੇਟੀ ਮੈਂਬਰ ਝੱਬਰ ਨੇ ਕੈਨੇਡਾ ਦੇ ਰੱੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

10/29/2017 1:50:47 AM

ਮਾਨਸਾ(ਮਿੱਤਲ)-ਸ਼੍ਰੋਮਣੀ ਕਮੇਟੀ ਦੇ ਚੜ੍ਹਦੀ ਕਲਾ ਵਾਲੇ ਨੌਜਵਾਨ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਕੈਨੇਡਾ ਦੀ ਫੇਰੀ ਦੌਰਾਨ ਸਿੱਖਾਂ ਦਾ ਮਾਣ ਵਧਾਉਣ ਵਾਲੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲੇ। ਇਸ ਮੌਕੇ ਉਨ੍ਹਾਂ ਕੈਨੇਡਾ ਦੇ ਰੱਖਿਆ ਮੰਤਰੀ ਨਾਲ ਸ਼੍ਰੋਮਣੀ ਕਮੇਟੀ ਦੇ ਧਾਰਮਕ ਕਾਰਜਾਂ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਸ਼੍ਰੀ ਸੱਜਣ ਨੇ ਆਪਣੀ ਪੰਜਾਬ ਫੇਰੀ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਕੀਤੇ ਗਏ ਸਵਾਗਤ ਲਈ ਜਿੱਥੇ ਧੰਨਵਾਦ ਕੀਤਾ, ਉਥੇ ਨਾਲ ਹੀ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਨੌਜਵਾਨ ਮੈਂਬਰ ਝੱਬਰ ਆਪਣੀ ਲਗਨ ਤੇ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ, ਇਨ੍ਹਾਂ ਦਾ ਇਹ ਉਪਰਾਲਾ ਵੀ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਬਖਸ਼ੇ ਪਹਿਰਾਵੇ 'ਚ ਰਹਿ ਕੇ ਵਿਦੇਸ਼ 'ਚ ਸੇਵਾ ਕਰ ਰਿਹਾ ਹਾਂ ਤੇ ਮੇਰਾ ਮਕਸਦ ਹੈ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਉਪਦੇਸ਼ ਅਨੁਸਾਰ ਸਰਬੱਤ ਦੇ ਭਲੇ ਦੇ ਕਾਰਜ ਕਰਨੇ। ਝੱਬਰ ਨੇ ਰੱਖਿਆ ਮੰਤਰੀ ਨੂੰ ਮਿਲ ਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਿੱਖ ਪਰਦੇਸਾਂ 'ਚ ਵੀ ਗੁਰੂ ਘਰ ਨਾਲ ਜੁੜ ਕੇ ਬੁਲੰਦੀਆਂ ਛੂਹ ਰਹੇ ਹਨ। ਸਿੱਖ ਜਿੱਥੇ ਵੀ ਰਹਿਣ ਆਪਣੀ ਵੱਖਰੀ ਪਛਾਣ ਨਾਲ ਆਪਣਾ ਰੁਤਬਾ ਬਰਕਰਾਰ ਰੱਖਦੇ ਹਨ, ਨਾਲ ਝੱਬਰ ਨੇ ਆਪਣੇ ਹਲਕੇ 'ਚ ਚੱਲ ਰਹੇ ਗੁਰਮਤਿ ਪ੍ਰਚਾਰ ਦੀਆਂ ਵਹੀਰਾਂ ਬਾਰੇ ਵੀ ਦੱਸਿਆ। ਇਸ ਮੌਕੇ ਡਾ. ਭਰਪੂਰ ਸਿੰਘ, ਡਾ. ਪ੍ਰਮਿੰਦਰ ਸਿੰਘ ਮਾਂਗਟ, ਗੁਰਜੀਤ ਸਿੰਘ ਮੌੜ, ਮਹਾਬੀਰ ਸਿੰਘ ਤੁੰਗ, ਡਾ. ਅਵਤਾਰ ਰੂਬੀ ਵੀ ਹਾਜ਼ਰ ਸਨ।