ਜਾਨਵਰਾਂ ਨੂੰ ਗੂੰਗਾ ਬਣਾ ਦਿੰਦਾ ਸੀ ਇਹ ਡਾਕਟਰ, ਹੁਣ ਮਿਲੇਗੀ ਸਜ਼ਾ

09/19/2017 2:27:50 PM

ਬੀਜਿੰਗ— ਜਾਨਵਰਾਂ ਪ੍ਰਤੀ ਲੋਕਾਂ ਦੀ ਸੋਚ ਅੱਜ ਵੀ ਛੋਟੀ ਹੈ। ਲੋਕ ਸਿਰਫ ਆਪਣੇ ਆਰਾਮ ਅਤੇ ਸੁੱਖ ਦੀ ਪਰਵਾਹ ਕਰਦੇ ਹਨ। ਜਾਨਵਰਾਂ ਦੀ ਦੁੱਖ-ਤਕਲੀਫ ਨੂੰ ਉਹ ਸਮਝਣ ਜਾਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਇਸੇ ਤਰ੍ਹਾਂ ਇਕ ਔਰਤ ਆਪਣੇ ਪਾਲਤੂ ਕੁੱਤੇ ਦੇ ਭੌਂਕਣ ਤੋਂ ਕਾਫੀ ਪਰੇਸ਼ਾਨ ਸੀ। ਇਸ ਬੇਜ਼ੁਬਾਨ ਜਾਨਵਰ ਦੀ ਆਵਾਜ ਉਸ ਨੂੰ ਇੰਨੀ ਬੇਸੁਰੀ ਲੱਗੀ ਕਿ ਉਹ ਉਸ ਨੂੰ ਉਸ ਬਾਜ਼ਾਰ ਵਿਚ ਲੈ ਗਈ, ਜਿੱਥੇ ਅਜਿਹਾ ਡਾਕਟਰ ਬੈਠਦਾ ਹੈ, ਜਿਸ ਦਾ ਕਿੱਤਾ ਕੁੱਤਿਆਂ ਨੂੰ ਗੂੰਗਾ ਬਣਾਉਣਾ ਹੈ।
ਗੂੰਗਾ ਕਰਨ ਲਈ ਵਰਤਦਾ ਸੀ ਇਹ ਤਰੀਕਾ
ਕਲੀਨਿਕ ਦੇ ਨਾਂ 'ਤੇ ਉਸ ਡਾਕਟਰ ਕੋਲ ਸਿਰਫ ਇਕ ਕੁਰਸੀ, ਇਕ ਬੈਂਚ, ਕੁਝ ਔਜਾਰ ਅਤੇ ਇਕ ਸਹਾਇਕ ਹੈ। ਔਰਤ ਨੇ ਡਾਕਟਰ ਨੂੰ ਆਪਣੀ ਪਰੇਸ਼ਾਨੀ ਦੱਸੀ। ਡਾਕਟਰ ਨੇ ਪਹਿਲਾਂ ਕੁੱਤੇ ਨੂੰ ਇਕ ਬੈਂਚ 'ਤੇ ਬਿਠਾਇਆ। ਫਿਰ ਉਸ ਨੇ ਕੁੱਤੇ ਦੀ ਇਕ ਲੱਤ ਵਿਚ ਅਨੱਸਥੀਸੀਆ ਦਾ ਟੀਕਾ ਲਗਾਇਆ।  ਟੀਕ ਲੱਗਣ ਮਗਰੋਂ ਕੁੱਤੇ ਦੀ ਹਾਲਤ ਅੱਧਮਰੀ ਹੋ ਗਈ। ਉਹ ਹਿਲ-ਜੁੱਲ ਨਹੀਂ ਪਾ ਰਿਹਾ ਸੀ। ਇਸ ਮਗਰੋਂ ਡਾਕਟਰ ਨੇ ਕੁੱਤੇ ਦੇ ਉੱਪਰੀ ਅਤੇ ਹੇਠਲੇ ਜਬਾੜੇ ਵਿਚ ਤਾਰ ਬੰਨ ਦਿੱਤੀ ਅਤੇ ਆਪਣੀ ਸਹਿਯੋਗੀ ਨੂੰ ਉਸ ਤਾਰ ਨੂੰ ਖਿੱਚਣ ਲਈ ਕਿਹਾ ਤਾਂ ਜੋ ਕੁੱਤੇ ਦਾ ਮੂੰਹ ਖੁੱਲ੍ਹਾ ਰਹੇ।


ਬੇਰਹਿਮ ਡਾਕਟਰ ਨੇ ਇਕ ਚਿਮਟੇ ਜਿਹਾ ਔਜਾਰ ਮਾਸੂਮ ਜਾਨਵਰ ਦੇ ਗਲੇ ਅੰਦਰ ਪਾਇਆ ਅਤੇ ਉਸ ਦਾ ਵੋਕਲ ਪੁਆਇੰਟ ਕੱਟ ਦਿੱਤਾ। ਹੁਣ ਇਹ ਕੁੱਤਾ ਭੌਂਕ ਤਾਂ ਸਕਦਾ ਹੈ ਪਰ ਉਸ ਦੇ ਭੌਂਕਣ ਦੀ ਆਵਾਜ ਨਹੀਂ ਹੋਣੀ ਸੀ। ਇਹ ਕੁੱਤਾ ਗੂੰਗਾ ਹੋ ਚੁੱਕਾ ਹੈ। ਉਸ ਜਿਹੇ ਹੋਰ ਜਾਨਵਰ ਵੀ ਲਾਈਨ ਵਿਚ ਖੜ੍ਹੇ ਸਨ, ਜੋ ਆਪਣੇ ਨਾਲ ਅਜਿਹੀ ਬੇਰਹਿਮੀ ਹੋਣ ਦੀ ਉਡੀਕ ਕਰ ਰਹੇ ਸਨ।
ਡਾਕਟਰ ਸਾਹਿਬ ਇਸ ਸੇਵਾ ਲਈ ਸਿਰਫ 400 ਤੋਂ 500 ਰੁਪਏ ਫੀਸ ਲੈਂਦੇ ਹਨ। ਉਸ ਕੋਲ ਇਹ ਕੰਮ ਕਰਨ ਸੰਬੰਧੀ ਕੋਈ ਡਾਕਟਰੀ ਲਾਇਸੈਂਸ ਨਹੀਂ ਹੈ। ਇਸ ਡਾਕਟਰ ਨੇ ਇਕ ਪੈੱਟ ਸ਼ਾਪ (ਪਾਲਤੂ ਜਾਨਵਰਾਂ ਦੀ ਦੁਕਾਨ) ਵਿਚ ਕੰਮ ਕਰਨ ਦੌਰਾਨ ਡਿਵੋਲੋਕੇਸ਼ਨ ਦਾ 'ਹੁਨਰ' ਸਿੱਖਿਆ ਸੀ। ਇਹ ਡਾਕਟਰ ਇਕ ਹੀ ਔਜਾਰ ਨੂੰ ਬਿਨਾਂ ਸਾਫ ਕੀਤੇ ਕਈ ਕੁੱਤਿਆਂ ਦੀ ਸਰਜਰੀ ਲਈ ਵਰਤੋਂ ਕਰਦਾ ਹੈ। ਹਾਲਾਂਕਿ ਹੁਣ ਉਸ ਵਿਰੁੱਧ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਕੁੱਤੇ ਦੀ ਭਲਾਈ ਲਈ ਕਰਵਾਉਂਦੇ ਹਨ ਇਹ ਕੰਮ


ਇੱਥੇ ਆਉਣ ਵਾਲੇ ਗਾਹਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੁੱਤੇ ਨਾਲ ਅਜਿਹਾ ਵਿਹਾਰ ਉਸ ਦੀ ਭਲਾਈ ਲਈ ਹੀ ਕਰਦੇ ਹਨ। ਇਕ ਗਾਹਕ ਨੇ ਕਿਹਾ ਕਿ ਉਸ ਦੇ ਗੁਆਂਢੀਆਂ ਨੂੰ ਕੁੱਤੇ ਦੀ ਆਵਾਜ ਪਸੰਦ ਨਹੀਂ ਸੀ। ਇਸ ਲਈ ਉਸ ਨੇ ਫੈਸਲਾ ਕੀਤਾ ਕਿ ਉਹ ਕੁੱਤੇ ਨੂੰ ਲਾਵਾਰਿਸ ਛੱਡਣ ਦੀ ਬਜਾਇ ਉਸ ਨੂੰ ਗੂੰਗਾ ਬਣਾ ਕੇ ਆਪਣੇ ਕੋਲ ਰੱਖੇਗਾ।