ਹੈਮਿਲਟਨ ਵਿਖੇ ਪਾਕਿ ਕੌਂਸਲੇਟ ਇਮਰਾਨ ਸਦੀਕੀ ਨੂੰ ਕੀਤਾ ਗਿਆ ਸਨਮਾਨਿਤ

12/30/2019 2:23:41 PM

ਨਿਊਯਾਰਕ/ਹੈਮਿਲਟਨ (ਰਾਜ ਗੋਗਨਾ): ਬੀਤੇ ਦਿਨ ਪਾਕਿਸਤਾਨੀ ਕੌਂਸਲੇਟ ਜਨਰਲ ਇਮਰਾਨ ਅਹਿਮਦ ਸਦੀਕੀ ਦੀ ਵਿਦਾਇਗੀ 'ਤੇ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਹੈਮਿਲਟਨ (ਕੈਨੇਡਾ) ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਨੌਜੁਆਨ ਉਮਰ ਵਿੱਚ ਟੋਰਾਂਟੋ ਚ’ ਸਥਿੱਤ ਪਾਕਿਸਤਾਨੀ ਕੌਂਸਲੇਟ ਦੀ ਪੁਜੀਸ਼ਨ 'ਤੇ ਸੇਵਾ ਨਿਭਾ ਰਹੇ ਕੌਂਸਲੇਟ ਸਦੀਕੀ ਇੱਕ ਦੂਰਅੰਦੇਸ਼ੀ  ਵਿਅਕਤੀ ਹਨ ਜਿੰਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ ਕੈਨੇਡੀਅਨ ਸਿੱਖ ਕਮਿਊਨਟੀ ਨਾਲ ਰਿਸ਼ਤੇ ਮਜਬੂਤ ਕਰਨ ਵਿੱਚ ਇਕ ਅਹਿਮ ਭੂਮਿਕਾ ਨਿਭਾਈ। ਜਿਹਨਾਂ ਚ’ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਮੌਕੇ ਉਨ੍ਹਾਂ ਵਲੋਂ ਸਿੱਖ ਕਮਿਊਨਟੀ ਨਾਲ ਰਿਸ਼ਤੇ ਮਜਬੂਤ ਕਰਨ ਦੀ ਗੱਲ 'ਤੇ ਅਮਲ ਕਰਦਿਆਂ ਹਰ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਪਹਿਲ ਦਿੱਤੀ। 

ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟੋਰਾਂਟੋ ਵਿੱਚ ਦਿੱਤੇ ਗਏ ਗੋਲਡ ਮੈਡਲ ਨੂੰ ਵੀ ਕੌਂਸਲੇਟ ਸਦੀਕੀ ਨੇ ਹਾਸਿਲ ਕੀਤਾ ਸੀ।ਕੈਨੇਡਾ ਦੇ ਹੈਮਿਲਟਨ ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਸਿੱਖ ਬਰਾਦਰੀ ਦੀ ਧਾਰਮਿਕ ਸਾਂਝ ਹੀ ਨਹੀਂ ਬਲਕਿ ਸੱਭਿਆਚਾਰਿਕ ਸਾਂਝ ਵੀ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇੰਨੀ ਵੱਡੀ ਸਿੱਖ ਕਮਿਊਨਟੀ ਨੂੰ ਆਪਣੇ ਨੌਜੁਆਨ ਬੱਚਿਆਂ ਨੂੰ ਪਾਕਿਸਤਾਨ ਲਿਜਾ ਕੇ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਕਲੋਏ ਨੇ ਐਲਾਨ ਕੀਤਾ ਕਿ ਪਾਕਿਸਤਾਨ ਦੀ ਧਾਰਮਿਕ ਯਾਤਰਾ ਲਈ ਵੀਜਾ ਲੈਣ ਮੌਕੇ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪਾਂਸਰਸ਼ਿਪ ਦੀ ਜਰੂਰਤ ਹੈ, ਉਹ ਹੁਣ ਬਾਬਾ ਬੁੱਢਾ ਜੀ ਗੁਰਦੁਆਰਾ ਹੈਮਿਲਟਨ ਵਲੋਂ ਦਿੱਤੀ ਜਾਇਆ ਕਰੇਗੀ। 

ਵੀਜ਼ਾ ਪ੍ਰਣਾਲੀ ਨੂੰ ਮੋਕਲਾ ਕਰਦਿਆਂ ਦੱਸਿਆ ਗਿਆ ਕਿ ਹੁਣ ਕੈਨੇਡਾ ਵਿੱਚ ਰਹਿੰਦੇ ਸਿੱਖ, ਜਿੰਨ੍ਹਾਂ ਕੋਲ ਭਾਰਤੀ ਪਾਸਪੋਰਟ ਹਨ, ਨੂੰ ਵੀ ਪਾਕਿਸਤਾਨ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ ਜੋ ਪਹਿਲਾਂ ਨਹੀਂ ਸੀ ਦਿੱਤਾ ਜਾਂਦਾ।ਇਸ ਸਨਮਾਨ ਸਮਾਰੋਹ ਵਿੱਚ ਟੋਰਾਂਟੋ ਤੋਂ ਯੂਨਾਈਟਡ ਫਰੰਟ ਆਫ ਸਿੱਖਸ ਦੇ ਸੁਖਮਿੰਦਰ ਸਿੰਘ ਹੰਸਰਾ, ਰਣਜੀਤ ਸਿੰਘ ਮਾਨ ਅਤੇ ਮਨਜੀਤ ਸਿੰਘ ਵੀ ਪਹੁੰਚੇ ਹੋਏ ਸਨ।ਇਸ ਮੌਕੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੇ ਮੈਨੇਜਰ ਵੀ ਮੌਜੂਦ ਸਨ ਜਿੰਨ੍ਹਾਂ ਸਿੱਖ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਪੀ.ਆਈ.ਏ. ਹਰ ਸਿੱਖ ਦੀ ਧਾਰਮਿਕ ਯਾਤਰਾ ਦਾ ਮੁਕੰਮਲ ਪ੍ਰਬੰਧ ਕਰਨ ਵਿੱਚ ਭੂਮਿਕਾ ਨਿਭਾਵੇਗੀ ਅਤੇ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। 

ਪਾਕਿਸਤਾਨ ਬਿਜ਼ਨੈੱਸ ਐਸੋਸੀਏਸ਼ਨ ਆਫ ਹੈਮਿਲਟਨ ਦੇ ਜਫਰ ਚੌਧਰੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿਰੋਪਾਓ, ਸ਼ਾਲ ਅਤੇ ਪਲੈਕ ਦੇ ਕੇ ਕੌਂਸਲੇਟ ਇਮਰਾਨ ਅਹਿਮਦ ਸਦੀਕੀ ਦਾ ਸਨਮਾਨ ਕੀਤਾ ਗਿਆ।ਯੂਨਾਈਟਡ ਫਰੰਟ ਆਫ ਸਿੱਖਸ ਕੈਨੇਡਾ ਦੇ ਕੋਆਰਡੀਨੇਟਰ ਸੁਖਮਿੰਦਰ ਸਿੰਘ ਹੰਸਰਾ ਨੇ ਜਾਰੀ ਬਿਆਨ ਵਿੱਚ ਕਿਹਾ,"ਕੌਂਸਲੇਟ ਇਮਰਾਨ ਅਹਿਮਦ ਸਦੀਕੀ ਨੇ ਸਿੱਖ ਭਾਈਚਾਰੇ ਦੇ ਪਾਕਿਸਤਾਨ ਸਰਕਾਰ ਨਾਲ ਸਬੰਧ ਸੁਖਾਵੇਂ ਬਣਾਉਣ ਵਿੱਚ ਪੁੱਲ ਦਾ ਕੰਮ ਕੀਤਾ ਹੈ।" ਉਨ੍ਹਾਂ ਕਿਹਾ ਕਿ ਕੌਂਸਲੇਟ ਸਦੀਕੀ ਦੇ ਸੇਵਾ ਕਾਲ ਦੌਰਾਨ ਬਹੁਤ ਕੈਨੇਡੀਅਨ ਸਿੱਖਾਂ ਨੂੰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਵਿੱਚ ਦਿੱਕਤ ਨਹੀਂ ਆਈ। 
 


Vandana

Content Editor

Related News