ਹੈਤੀ : ਯਤੀਮਖਾਨੇ ''ਚ ਲੱਗੀ ਅੱਗ, 15 ਬੱਚਿਆਂ ਦੀ ਮੌਤ

02/16/2020 12:32:14 PM

ਪੋਰਟ-ਓ-ਪ੍ਰਿੰਸ (ਬਿਊਰੋ): ਕੈਰੇਬੀਆਈ ਦੇਸ਼ ਹੈਤੀ ਵਿਚ ਸਥਿਤ ਇਕ ਅਮਰੀਕੀ ਐੱਨ.ਜੀ.ਓ. ਵਿਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 15 ਬੱਚਿਆਂ ਦੀ ਮੌਤ ਹੋ ਗਈ। ਇਕ ਸਮਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਅਮਰੀਕਾ ਦੀ ਇਕ ਗੈਰ ਲਾਭਕਾਰੀ ਈਸਾਈ ਸੰਸਥਾ ਵੱਲੋਂ ਹੈਤੀ ਵਿਚ ਸੰਚਾਲਿਤ ਦੋ ਮੰਜ਼ਿਲਾ ਯਤੀਮਖਾਨੇ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 15 ਬੱਚਿਆਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਈਫੇ ਦੇ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੋਰਟ-ਓ-ਪ੍ਰਿੰਸ ਦੇ ਬਾਹਰੀ ਇਲਾਕੇ ਵਿਚ ਸਥਿਤ ਯਤੀਮਖਾਨੇ ਵਿਚ ਵੀਰਵਾਰ ਰਾਤ (0200 GMT Friday) ਅੱਗ ਲੱਗਣ ਕਾਰਨ 2 ਬੱਚਿਆਂ ਦੀ ਮੌਤ ਉਹਨਾਂ ਦੇ ਕਮਰੇ ਵਿਚ ਹੀ ਹੋ ਗਈ ਜਦਕਿ 13 ਹੋਰ ਨੇ ਸਾਹ ਲੈਣ ਵਿਚ ਤਕਲੀਫ ਹੋਣ ਦੇ ਬਾਅਦ ਨੇੜਲੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਅਧਿਕਾਰੀ ਨੇ ਕਿਹਾ,''ਬਦਕਿਸਮਤੀ ਨਾਲ ਫੇਰਮਥ ਹਸਪਤਾਲ ਜਿੱਥੇ ਬੱਚਿਆਂ ਨੂੰ ਭਰਤੀ ਕੀਤਾ ਗਿਆ ਸੀ, ਉਹ ਜ਼ਿਆਦਾ ਕੁਝ ਨਾ ਕਰ ਸਕਿਆ। ਬੱਚੇ ਹਸਪਤਾਲ ਲਿਜਾਉਣ ਤੋਂ ਪਹਿਲਾਂ ਹੀ ਗੰਭੀਰ ਸਥਿਤੀ ਵਿਚ ਸਨ।'' ਦੋ ਮੰਜ਼ਿਲਾ ਇਮਾਰਤ ਵਿਚ ਹਾਲਵੇ ਵਿਚ ਇਕ ਬੋਰਡ 'ਤੇ ਛੱਡੀ ਗਈ ਮੋਮਬੱਤੀ ਨੂੰ ਅੱਗ ਲੱਗਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ਇਮਾਰਤ ਦੇ ਜ਼ੀਰੋ ਗ੍ਰਾਊਂਡ ਫਲੋਰ ਤੋਂ ਹੋ ਕੇ ਫੈਲੀ ਅਤੇ ਇਕ ਬੈੱਡਰੂਮ ਅਤੇ ਹੋਰ ਕਮਰੇ ਬੁਰੀ ਤਰ੍ਹਾਂ ਤਬਾਹ ਹੋ ਗਏ। ਧੂੰਏਂ ਨੇ ਦੂਜੀ ਮੰਜ਼ਿਲ ਨੂੰ ਵੀ ਪ੍ਰਭਾਵਿਤ ਕੀਤਾ ਜਿੱਥੇ ਹੋਰ ਬੈੱਡਰੂਮ ਸਥਿਤ ਸਨ। 

66 ਬੱਚਿਆਂ ਦੀ ਸਮੱਰਥਾ ਵਾਲੇ ਯਤੀਮਖਾਨੇ ਨੂੰ ਪਿਛਲੇ 40 ਸਾਲਾਂ ਤੋਂ ਪੈੱਨਸਿਲਵੇਨੀਆ ਸਥਿਤ ਇਕ ਈਸਾਈ ਸੰਗਠਨ ਚਰਚ ਆਫ ਬਾਈਬਲ ਅੰਡਰਸਟੈਂਡਿੰਗ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਪੋਰਟ-ਓ-ਪ੍ਰਿੰਸ ਦੇ ਉਪਨਗਰ, ਪੇਤਿਯੇਨ-ਵਿਲੇ ਵਿਚ ਸਥਿਤ ਯਤੀਮਖਾਨੇ ਕੋਲ ਸੰਚਾਲਨ ਦਾ ਲਾਈਸੈਂਸ ਨਹੀਂ ਸੀ। ਜਾਣਕਾਰੀ ਮੁਤਾਬਕ ਦੇਸ਼ ਦੇ 754 ਯਤੀਮਖਾਨਿਆਂ ਵਿਚੋਂ ਸਿਰਫ 35 ਕੋਲ ਲਾਈਸੈਂਸ ਹਨ।

Vandana

This news is Content Editor Vandana