ਹਾਫਿਜ਼ ਸਈਦ ਨੂੰ ਦੂਜੇ ਦੇਸ਼ ਭੇਜਣ ਦੀ ਸਲਾਹ ਦੇਣ ਵਾਲੀ ਖਬਰ ਗਲਤ : ਚੀਨ

05/24/2018 3:50:13 PM

ਬੀਜਿੰਗ— ਚੀਨ ਨੇ ਵੀਰਵਾਰ ਨੂੰ ਮੀਡੀਆ ਦੀ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਾਕਿਸਤਾਨ ਨੂੰ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੂੰ ਪੱਛਮੀ ਏਸ਼ੀਆ ਦੇ ਕਿਸੇ ਦੇਸ਼ ਭੇਜਣ ਦਾ ਸੁਝਾਅ ਦਿੱਤਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਕ ਕਰੀਬੀ ਨੇ ਕਿਹਾ ਕਿ ਚੀਨ ਵਿਚ ਪਿਛਲੇ ਮਹੀਨੇ ਆਯੋਜਿਤ ਹੋਏ 'ਬਾਓ ਫੋਰਮ' ਦੌਰਾਨ ਸ਼ੀ ਜਿਨਪਿੰਗ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਇਹ ਸੁਝਾਅ ਦਿੱਤਾ ਸੀ। ਓਧਰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਨ੍ਹਾਂ ਖਬਰਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ਼ੀ ਵਲੋਂ ਅੱਬਾਸੀ ਨੂੰ ਹਾਫਿਜ਼ ਸਈਦ ਨੂੰ ਪੱਛਮੀ ਏਸ਼ੀਆ ਦੇ ਕਿਸੇ ਹੋਰ ਦੇਸ਼ ਭੇਜਣ ਦਾ ਸੁਝਾਅ ਦੇਣ ਵਾਲੀ ਖਬਰ ਹੈਰਾਨ ਕਰਨ ਦੇਣ ਵਾਲੀ ਹੈ, ਜਿਸ ਨੂੰ ਅਸੀਂ ਖਾਰਜ ਕਰਦੇ ਹਾਂ ਅਤੇ ਇਹ ਖਬਰ ਝੂਠੀ ਹੈ।
ਦੱਸਣਯੋਗ ਹੈ ਕਿ ਹਾਫਿਜ਼ ਸਈਦ 2008 ਮੁੰਬਈ ਹਮਲਿਆਂ ਦਾ ਮੁੱਖ ਸਾਜਿਸ਼ਕਰਤਾ ਹੈ। ਇਸ ਹਮਲੇ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕਾਂ ਦੀ ਜਾਨ ਗਈ ਸੀ। ਅੱਤਵਾਦੀ ਗਤੀਵਿਧੀਆਂ 'ਚ ਉਸ ਦੀ ਸ਼ਮੂਲੀਅਤ ਲਈ ਸਈਦ 'ਤੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਹੈ। ਬਸ ਇੰਨਾ ਹੀ ਨਹੀਂ ਅਮਰੀਕਾ ਨੇ ਸਈਦ ਦਾ ਨਾਂ ਗਲੋਬਲ ਅੱਤਵਾਦੀਆਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਹੈ।