ਅੱਤਵਾਦ ਦੇ ਵਿੱਤਪੋਸ਼ਣ ਦੇ ਮਾਮਲੇ ਵਿਚ ਹਾਫਿਜ਼ ਸਈਦ ਖਿਲਾਫ ਸੁਣਵਾਈ ਸ਼ੁਰੂ

12/20/2019 6:21:40 PM

ਲਾਹੌਰ- ਮੁੰਬਈ ਹਮਲੇ ਦੇ ਮਾਸਟਕਮਾਈਂਡ ਹਾਫਿਜ਼ ਸਈਦ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੁਣਵਾਈ ਸ਼ੁੱਕਰਵਾਰ ਨੂੰ ਇਕ ਗਵਾਹ ਵਲੋਂ ਅੱਤਵਾਦ ਰੋਕੂ ਅਦਾਲਤ ਵਿਚ ਉਸ ਦੇ ਖਿਲਾਫ ਗਵਾਹੀ ਦਿੱਤੇ ਜਾਣ ਤੋਂ ਬਾਅਦ ਸ਼ੁਰੂ ਹੋਈ। ਇਸੇ ਅਦਾਲਤ ਨੇ ਉਸ ਨੂੰ ਅੱਤਵਾਦ ਦੇ ਵਿੱਤਪੋਸ਼ਣ ਦੇ ਇਕ ਹੋਰ ਮਾਮਲੇ ਵਿਚ ਵੀ ਦੋਸ਼ੀ ਦੱਸਿਆ ਸੀ। ਪਾਕਿਸਤਾਨ 'ਤੇ ਉਸ ਨੂੰ ਇਨਸਾਫ ਦੇ ਕਟਘਰੇ ਵਿਚ ਲਿਆਉਣ ਦਾ ਗਹਿਰਾ ਅੰਤਰਰਾਸ਼ਟਰੀ ਦਬਾਅ ਹੈ।

ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਸਈਦ ਤੇ ਉਸ ਦੇ ਤਿੰਨ ਚੋਟੀ ਦੇ ਸਹਿਯੋਗੀਆਂ- ਹਾਫਿਜ਼ ਅਬਦੁਲ ਸਲਮਾਨ ਬਿਨ ਮੁਹੰਮਦ, ਮੁਹੰਮਦ ਅਸ਼ਰਫ ਤੇ ਜ਼ਫਰ ਇਕਬਾਲ ਨੂੰ ਅੱਤਵਾਦ ਦੇ ਵਿੱਤਪੋਸ਼ਣ ਨੂੰ ਲੈ ਕੇ ਦੋਸ਼ੀ ਦੱਸਿਆ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਸੁਣਵਾਈ ਤੋਂ ਬਾਅਦ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੇ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਵਿਚ ਇਕ ਗਵਾਹ ਪੇਸ਼ ਕੀਤਾ, ਜਿਸ ਨੇ ਅੱਤਵਾਦ ਦੇ ਵਿੱਤਪੋਸ਼ਣ ਵਿਚ ਸਈਦ ਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਗਵਾਹੀ ਦਿੱਤੀ ਹੈ।

ਸਈਦ ਤੇ ਉਸ ਦੇ ਸਾਥੀਆਂ ਨੂੰ ਸਖਤ ਸੁਰੱਖਿਆ ਦੇ ਵਿਚਾਲੇ ਅੱਤਵਾਦ ਰੋਕੂ ਅਦਾਲਤ ਲਿਆਂਦਾ ਗਿਆ। ਪੱਤਰਕਾਰਾਂ ਨੂੰ ਸੁਣਵਾਈ ਦਾ ਕਵਰੇਜ ਕਰਨ ਲਈ ਅਦਾਲਤ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਈਦ ਨੂੰ ਅੱਤਵਾਦ ਦੇ ਵਿੱਤਪੋਸ਼ਣ ਦੇ ਇਕ ਹੋਰ ਮਾਮਲੇ ਵਿਚ ਦੋਸ਼ੀ ਦੱਸਿਆ ਗਿਆ ਹੈ। ਅੱਤਵਾਦ ਰੋਕੂ ਅਦਾਲਤ ਦੇ ਜੱਜ ਅਸ਼ਰਫ ਹੁਸੈਨ ਭੁੱਟਾ ਨੇ ਸਈਦ ਦੇ ਖਿਲਾਫ ਦੋਸ਼ ਤੈਅ ਕੀਤਾ ਸੀ ਤੇ ਪ੍ਰੋਸੀਕਿਊਸ਼ਨ ਪੱਖ ਨੂੰ ਗਵਾਹਾਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਸ਼ਨੀਵਾਰ ਤੱਕ ਸੁਣਵਾਈ ਟਾਲ ਦਿੱਤੀ ਹੈ।

Baljit Singh

This news is Content Editor Baljit Singh