ਸਈਦ ਦੀ ਪਾਰਟੀ ਨੂੰ ਨਾ ਦਿੱਤੀ ਜਾਵੇ ਮਨਜ਼ੂਰੀ: ਪਾਕਿਸਤਾਨ

12/23/2017 5:03:11 PM

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਦੀ ਸਰਕਾਰ ਨੇ ਇੱਥੇ ਦੀ ਇਕ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਸਮਰਥਿਤ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦੇਣ। ਕਿਉਂਕਿ ਇਹ ਸਮੂਹ ਰਾਜਨੀਤੀ ਵਿਚ ਹਿੰਸਾ ਅਤੇ ਅੱਤਵਾਦ ਪੈਦਾ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਈਦ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੁਸ਼ਟੀ ਕੀਤੀ ਸੀ ਕਿ ਉਸ ਦਾ ਸੰਗਠਨ ਜਮਾਤ-ਉਦ-ਦਾਵਾ (ਜੇ.ਯੁ.ਡੀ) ਸਾਲ 2018 ਦੀਆਂ ਆਮ ਚੋਣਾਂ ਵਿਚ ਮਿਲੀ ਮੁਸਲਿਮ ਲੀਗ (ਐਮ.ਐਮ.ਐਲ) ਦੇ ਬੈਨਰ ਹੇਠਾਂ ਚੋਣਾਂ ਲੜੇਗਾ। ਪਾਕਿਸਤਾਨ ਚੋਣ ਕਮਿਸ਼ਨ ਨੇ ਐਮ. ਐਮ. ਐਲ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰਡ ਕਰਨ ਤੋਂ ਮਨਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਐਮ. ਐਮ. ਐਲ ਨੇ 11 ਅਕਤੂਬਰ ਨੂੰ ਕਮਿਸ਼ਨ ਦੇ ਇਸ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਗ੍ਰਹਿ ਮੰਤਰਾਲਾ ਨੇ ਐਮ. ਐਮ. ਐਲ ਦੀ ਪਟੀਸ਼ਟ 'ਤੇ ਇਸਲਾਮਾਬਾਦ ਹਾਈ ਕੋਰਟ (ਆਈ. ਐਚ. ਸੀ) ਵਿਚ ਆਪਣੇ ਲਿਖਤੀ ਜਵਾਬ ਵਿਚ ਕਿਹਾ ਹੈ ਕਿ ਉਹ ਇਸ ਸਮੂਹ ਦੇ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰੇਸ਼ਨ ਦਾ ਵਿਰੋਧ ਕਰਦਾ ਹੈ, ਕਿਉਂਕਿ ਇਹ ਸਮੂਹ ਪਾਬੰਧਿਤ ਸੰਸਥਾਵਾਂ ਦੀ ਸ਼ਾਖਾ ਹੈ। ਇਕ ਖਬਰ ਮੁਤਾਬਕ ਸਰਕਾਰ ਨੇ ਅਦਾਲਤ ਨੂੰ ਐਮ. ਐਮ. ਐਲ ਦੀ ਪਟੀਸ਼ਨ 'ਤੇ ਵਿਚਾਰ ਨਾ ਕਰਨ ਅਤੇ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲਾ ਨੇ ਸੁਰੱਖਿਆ ਏਜੰਸੀ ਦੀ ਰਿਪੋਰਟ ਦੇ ਆਧਾਰ 'ਤੇ ਆਪਣੀ ਰਾਏ ਤਿਆਰ ਕੀਤੀ ਹੈ। ਇਸ ਰਿਪੋਰਟ ਵਿਚ ਅੰਦਾਜ਼ਾ ਪ੍ਰਗਟ ਕੀਤਾ ਗਿਆ ਹੈ ਕਿ ਐਮ. ਐਮ. ਐਲ ਦੇ ਰਾਜਨੀਤਕ ਪਾਰਟੀ ਦੇ ਰੂਪ ਰਜਿਸਟਰਡ ਹੋਣ ਤੋਂ ਬਾਅਦ ਰਾਜਨੀਤੀ ਵਿਚ ਹਿੰਸਾ ਅਤੇ ਅੱਤਵਾਦ ਵਧਣ ਦਾ ਸ਼ੱਕ ਹੈ।