ਹਾਲੀਵੁੱਡ ਸਿਤਾਰਿਆਂ ਦੀਆਂ ਤਸਵੀਰਾਂ ਕਰਦਾ ਸੀ ਹੈਕ, ਕੋਰਟ ਨੇ ਸੁਣਾਈ ਸਜ਼ਾ

08/30/2018 2:56:57 PM

ਬ੍ਰਿਜਪੋਰਟ/ਅਮਰੀਕਾ (ਭਾਸ਼ਾ)— ਹਾਲੀਵੁੱਡ ਸਿਤਾਰਿਆਂ ਅਤੇ ਹੋਰ ਲੋਕਾਂ ਦੇ 200 ਤੋਂ ਵੱਧ ਆਈਕਲਾਉਡ ਅਕਾਊਂਟਾਂ ਨੂੰ ਹੈਕ ਕਰਨ ਵਾਲੇ ਕਨੈਕਿਟਕਟ ਦੇ ਇਕ ਸ਼ਖਸ ਨੂੰ 8 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਸੂਬੇ ਬ੍ਰਿਜਪੋਰਟ ਦੀ ਸੰਘੀ ਅਦਾਲਤ ਨੇ ਕੱਲ ਜਾਰਜ ਗਾਰੋਫਾਨੋ ਨਾਂ ਦੇ ਸ਼ਖਸ ਨੂੰ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ 'ਤੇ 3 ਮਹੀਨੇ ਤਕ ਨਜ਼ਰ ਰੱਖੀ ਜਾਵੇਗੀ ਅਤੇ ਉਸ ਨੂੰ 60 ਘੰਟੇ ਦੀ ਕਮਿਊਨਿਟੀ ਸੇਵਾ ਦੇਣੀ ਹੋਵੇਗੀ। 

ਗਾਰੋਫਾਨੋ ਹਾਲੀਵੁੱਡ ਸਿਤਾਰਿਆਂ— ਜੇਨੀਫਰ ਲਾਰੇਂਸ, ਕ੍ਰਿਸਟਨ ਡੰਸਟ, ਕੇਟ ਅਪਟਨ ਅਤੇ ਹੋਰਨਾਂ ਕਈ ਸਿਤਾਰਿਆਂ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਕੇ ਉਸ ਨੂੰ ਜਨਤਕ ਕਰਨ ਵਾਲੇ 2014 ਦੇ ਹੈਕਿੰਗ ਕਾਂਡ 'ਚ ਗ੍ਰਿਫਤਾਰ ਹੋਏ 4 ਲੋਕਾਂ 'ਚੋਂ ਇਕ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਹੈਕਰਾਂ ਨੇ ਤਸਵੀਰਾਂ ਨੂੰ ਹੈਕ ਕਰਨ ਲਈ ਫਰਜ਼ੀ ਵੈੱਬ ਪੇਜ ਦਾ ਇਸਤੇਮਾਲ ਕੀਤਾ, ਜਿਸ ਦੇ ਜ਼ਰੀਏ ਭੇਜੇ ਈ-ਮੇਲ ਐੱਪਲ ਸੁਰੱਖਿਆ ਅਕਾਊਂਟਾਂ ਤੋਂ ਭੇਜੇ ਗਏ ਸਨ, ਜੋ ਕਿ ਯੂਜ਼ਰਨੇਮ ਅਤੇ ਪਾਸਵਰਡ ਮੰਗਦੇ ਸਨ। ਹੈਕਰਾਂ ਨੇ ਸਤੰਬਰ 2014 'ਚ ਆਨਲਾਈਨ ਤਸਵੀਰਾਂ ਜਨਤਕ ਕੀਤੀਆਂ ਸਨ। ਗਾਰੋਫਾਨੋ ਨੇ ਅਪ੍ਰੈਲ ਵਿਚ ਆਪਣਾ ਦੋਸ਼ ਸਵੀਕਾਰ ਕੀਤਾ ਸੀ ਅਤੇ ਸਜ਼ਾ ਵਿਚ ਰਿਆਇਤ ਦੀ ਮੰਗ ਕੀਤੀ ਸੀ।