ਐੱਚ-4 ਵੀਜ਼ਾ ''ਤੇ ਭਾਰਤੀਆਂ ਦੀ ਕਿਸਮਤ ਦਾ ਫੈਸਲਾ ਜਨਤਾ ਹੱਥ

11/09/2018 5:50:43 PM

ਵਾਸ਼ਿੰਗਟਨ— ਅਮਰੀਕਾ 'ਚ ਟਰੰਪ ਪ੍ਰਸ਼ਾਸਨ ਨੇ ਨੀਤੀ ਨਿਰਮਾਤਾਵਾਂ ਤੇ ਅਮਰੀਕੀ ਕਾਰਪੋਰੇਟ ਖੇਤਰ ਨੂੰ ਭਰੋਸਾ ਦਿੱਤਾ ਹੈ ਕਿ ਐੱਚ-4 ਵੀਜ਼ਾ ਧਾਰਕ ਪਤੀ ਜਾਂ ਪਤਨੀ ਨੂੰ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ਦੇ ਉਸ ਦੇ ਪ੍ਰਸਤਾਵ 'ਤੇ ਜਨਤਾ ਨੂੰ ਰਾਇ ਦੇਣ ਦਾ ਮੌਕਾ ਮਿਲੇਗਾ। ਸੰਸਦ ਮੈਂਬਰਾਂ ਤੇ ਅਮਰੀਕੀ ਕਾਰਪੋਰੇਟ ਖੇਤਰ ਨੇ ਇਸ ਕਦਮ 'ਤੇ ਚਿੰਤਾ ਜਤਾਈ ਸੀ, ਜਿਸ ਨਾਲ ਹਜ਼ਾਰਾਂ ਭਾਰਤੀ ਪ੍ਰਭਾਵਿਤ ਹੋਣਗੇ।

ਐੱਚ-4 ਤੇ ਐੱਚ1-ਬੀ ਵੀਜ਼ਾ ਵਿਦੇਸ਼ੀ ਪੇਸ਼ਵਰਾਂ ਦੇ ਪਤੀ ਜਾਂ ਪਤਨੀ ਨੂੰ ਜਾਰੀ ਕੀਤੇ ਜਾਂਦੇ ਹਨ। ਐੱਚ-4 ਵੀਜ਼ਾਧਾਰਕਾਂ 'ਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਐੱਚ1-ਬੀ ਵੀਜ਼ਾ ਰਾਹੀਂ ਭਾਰਤੀ ਪੇਸ਼ੇਵਰਾਂ ਨੂੰ ਅਮਰੀਕੀ ਕੰਪਨੀਆਂ 'ਚ ਨੌਕਰੀਆਂ ਮਿਲਦੀਆਂ ਹਨ। ਇਹ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਆਗਿਆ ਦਿੰਦਾ ਹੈ। ਕੰਪਨੀਆਂ ਇਸ ਦੇ ਤਹਿਤ ਵਿਦੇਸ਼ੀ ਪੇਸ਼ੇਵਰਾਂ ਨੂੰ ਮਾਹਰਤਾ ਵਾਲੇ ਪੇਸ਼ਿਆਂ 'ਚ ਰੱਖਦੀਆਂ ਹਨ, ਜਿਸ 'ਚ ਸਿਧਾਂਤਕ ਜਾਂ ਤਕਨੀਕੀ ਮਾਹਰਤਾ ਦੀ ਲੋੜ ਹੁੰਦੀ ਹੈ। ਐੱਚ-4 ਵੀਜ਼ਾ ਐੱਚ-1 ਬੀ ਵੀਜ਼ਾ ਧਾਰਕਾਂ ਦੇ ਸਿਰਫ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਜਾਂਦੇ ਹਨ। ਇਸ 'ਚ ਕਰਮਚਾਰੀਆਂ ਦੇ ਪਤੀ, ਪਤਨੀ ਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਹਨ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਜਨਵਰੀ 2019 ਤੱਕ ਇਕ ਨਵੇਂ ਪ੍ਰਸਤਾਵ ਦੇ ਨਾਲ ਸਾਹਮਣੇ ਆਏਗਾ, ਜਿਸ ਦੇ ਤਹਿਤ ਉਹ ਐੱਚ-1 ਬੀ ਗੈਰ-ਪ੍ਰਵਾਸੀਆਂ ਦੇ ਕੁਝ ਐੱਚ-4 ਪਤੀਆਂ ਜਾਂ ਪਤਨੀਆਂ ਨੂੰ ਇਸ ਦੇ ਨਿਯਮਾਂ ਤੋਂ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ।

ਨਵੇਂ ਨਿਯਮਾਂ ਨਾਲ ਕੰਮ ਕਰਨ ਦੀ ਮਨਜ਼ੂਰੀ (ਵਰਕ ਪਰਮਿਟ) ਰੱਖਣ ਵਾਲੇ ਕਰੀਬ 70 ਹਜ਼ਾਰ ਐੱਚ-4 ਵੀਜ਼ਾ ਧਾਰਕ ਪ੍ਰਭਾਵਿਤ ਹੋ ਸਕਦੇ ਹਨ। ਯੂ.ਐੱਸ.ਸੀ.ਆਈ.ਐੱਸ. ਨੇ ਹਾਲ 'ਚ ਅਮਰੀਕੀ ਸੰਸਦ ਮੈਂਬਰਾਂ ਤੇ ਕਾਰਪੋਰੇਟ ਖੇਤਰ ਦੇ ਮੁਖੀਆਂ ਨੂੰ ਲਗਭਗ ਇਕ ਵਰਗੇ ਪੱਤਰ ਲਿਖੇ, ਜਿਨ੍ਹਾਂ ਨੇ ਐੱਚ-4 ਵੀਜ਼ਾ ਰੱਦ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਪ੍ਰਸਤਾਵ 'ਤੇ ਚਿੰਤਾ ਜਤਾਈ ਗਈ ਸੀ। ਯੂ.ਐੱਸ.ਸੀ.ਆਈ.ਐੱਸ. ਡਾਇਰੈਕਟਰ ਐੱਲ. ਫ੍ਰਾਂਸਿਸ ਸਿਸਨਾ ਨੇ ਸੈਨੇਟਰ ਕਮਲਾ ਹੈਰਿਸ ਤੇ ਕ੍ਰਿਸਟੇਨ ਗਿਲੀਬ੍ਰਾਂਡ ਨੂੰ 16 ਅਕਤੂਬਰ ਦੀ ਤਾਰੀਖ ਵਾਲਾ ਪੱਤਰ ਲਿਖਿਆ ਹੈ, ਜਿਸ ਨੂੰ ਇਸ ਮਹੀਨੇ ਸੰਗਠਨ ਦੀ ਵੈੱਬਸਾਈਟ 'ਤੇ ਪਾਇਆ ਗਿਆ ਸੀ। ਇਸ 'ਚ ਲਿਖਿਆ ਹੈ ਕਿ ਐੱਚ-4 ਪ੍ਰਵਾਸੀਆਂ ਨੂੰ ਰੁਜ਼ਗਾਰ ਸਬੰਧੀ ਨਿਯਮਾਂ 'ਚ ਕੁਝ ਸੋਧ ਨੂੰ ਲੈ ਕੇ ਪ੍ਰਸਤਾਵ 'ਤੇ ਜਨਤਾ ਨੂੰ ਨੋਟਿਸ ਤੇ ਟਿੱਪਣੀ ਦੀ ਮਿਆਦ ਦੌਰਾਨ ਪ੍ਰਤੀਕਿਰਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।

Baljit Singh

This news is Content Editor Baljit Singh