ਅਮਰੀਕਾ ''ਚ ਗੁਰਦੁਆਰਾ ਸਨਵਾਕੀਨ ਵਿਖੇ ਗੁਰਪੁਰਬ ''ਤੇ ਵਿਸ਼ੇਸ਼ ਸਮਾਗਮ

11/26/2019 1:51:43 PM

ਫਰਿਜ਼ਨੋ, (ਰਾਜ ਗੋਗਨਾ)— ਕੈਲੀਫੋਰਨੀਆ ਸੂਬੇ ਦੇ ਸੈਂਟਰਲ ਵੈਲੀ ਦੇ ਸਭ ਤੋਂ ਪੁਰਾਤਨ 'ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ' ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ। ਇਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਕੀਰਤਨੀ ਜੱਥੇ ਭਾਈ ਰਣਜੀਤ ਸਿੰਘ ਅਤੇ ਸਾਥੀਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਹਾਜ਼ਰੀ ਭਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਦਰਸ਼ਨ ਅਤੇ ਜੀਵਨ ਸੰਬੰਧੀ ਵਿਚਾਰਾਂ ਕੀਤੀਆਂ।

ਇਸ ਉਪਰੰਤ ਗਾਇਕਾ ਜੋਤ ਰਣਜੀਤ ਕੌਰ ਨੇ ਜਿੱਥੇ ਗੁਰੂ ਦੀ ਮਹਿਮਾ ਵਿੱਚ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਭਰੀ, ਉੱਥੇ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਧਾਰਨ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਅਵਤਾਰ ਸਿੰਘ ਗਰੇਵਾਲ ਅਤੇ ਭਾਈ ਸਤਿਨਾਮ ਸਿੰਘ ਨੇ ਹਾਜ਼ਰੀ ਭਰੀ। ਗੁਰੂਘਰ ਦੇ ਸਟੇਜ ਸਕੱਤਰ ਗੁਰਬਿੰਦਰ ਸਿੰਘ ਧਾਲੀਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਤੇ ਵਿਚਾਰਾਂ ਕਰਦੇ ਹੋਏ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

ਸਮੁੱਚੇ ਪ੍ਰੋਗਰਾਮਾਂ ਦੀ ਸੇਵਾ ਸ. ਗੁਰਦਰਸ਼ਨ ਸਿੰਘ ਬਰਾੜ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਨਿਭਾਈ ਅਤੇ ਗੁਰੂ ਦੇ ਲੰਗਰ ਅਤੁੱਟ ਵਰਤੇ।