ਪੂਰਨ ਗੁਰੂ ਰਾਹੀਂ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ- ਸਵਾਮੀ ਸਤਮਿੱਤਰਾਨੰਦ ਜੀ

02/17/2018 3:37:23 PM

ਰੋਮ(ਕੈਂਥ)— ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਦਰਬਾਰ ਵੱਲੋਂ ਇਕ ਵਿਸ਼ੇਸ਼ ਅਧਿਆਤਮਕ ਫਲਸਫੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਵੱਲੋਂ ਸੰਸਥਾਪਿਤ ਅਤੇ ਸੰਚਾਲਿਤ ਦਿਵਯ ਜਯੋਤੀ ਜਾਗਰਤੀ ਸੰਸਥਾਨ ਤੋਂ ਸਵਾਮੀ ਸਤਮਿੱਤਰਾਨੰਦ ਜੀ (ਜਰਮਨੀ) ਅਤੇ ਸਵਾਮੀ ਕਬੀਰ ਜੀ (ਯੂ.ਕੇ) ਸਤਸੰਗ ਪ੍ਰਵਚਨ ਕਰਨ ਲਈ ਪਹੁੰਚੇ। ਸਵਾਮੀ ਸਤਮਿੱਤਰਾਨੰਦ ਜੀ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਇਨਸਾਨ ਨੂੰ ਇਹ ਮਾਨਵ ਤਨ ਸਰਵਉੱਚ ਸੱਤਾ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ। ਜਿੰਨਾ ਚਿਰ ਸਮਾਜ ਸਿਰਫ ਭੌਤਿਕ ਪਦਾਰਥਾਂ ਦੀ ਅੰਨ੍ਹੀ ਦੌੜ ਦੌੜੇਗਾ ਓਨਾ ਚਿਰ ਸਮਝ ਹੀ ਨਹੀਂ ਆ ਸਕਦੀ ਕਿ ਜੀਵਨ ਨੂੰ ਕਿਵੇਂ ਜਿਉਣਾ ਹੈ? ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਜੀ ਵੱਲੋਂ ਲਿਖਤ ਸ਼ਬਦ “ਕੂਪੁ ਭਰਿਓ ਜੈਸੇ ਦਾਦਰਾ ਕਛੁ ਦੇਸੁ ਬਿਦੇਸੁ ਨ ਬੂਝ, ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂ'' ਉੱਪਰ ਵਿਚਾਰ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸੰਸਾਰ ਦੀ ਚਮਕ ਦਮਕ ਵਾਲੀ ਮਾਇਆ ਨੇ ਬੰਦੇ ਦਾ ਮਨ ਮੋਹ ਲਿਆ ਹੈ। ਜਿਵੇਂ ਖੂਹ ਦਾ ਡੱਡੂ ਖੂਹ ਤੋਂ ਪਰ੍ਹੇ ਕੁਝ ਦੇਖਦਾ ਹੀ ਨਹੀਂ ਅਤੇ ਨਾ ਹੀ ਮੰਨਦਾ ਹੈ, ਉਸੇ ਤਰ੍ਹਾਂ ਇਨਸਾਨ ਦਾ ਮਨ ਹੋ ਗਿਆ ਹੈ। ਜੋ ਨਿੱਜੀ ਸੁਆਰਥ ਤੋਂ ਪਰ੍ਹੇ ਕੁਝ ਨਹੀਂ ਸੋਚਦਾ।


ਇਸ ਲਈ ਅੱਜ ਜਰੂਰਤ ਹੈ ਪ੍ਰਮਾਤਮਾ ਦੇ ਸੱਚੇ ਨਾਮ ਨੂੰ ਜਾਨਣ ਦੀ। ਜਿਸ ਨਾਲ ਇਨਸਾਨ ਦੇ ਅੰਦਰ ਜੋ ਅਗਿਆਨਤਾ ਦਾ ਹਨੇਰਾ ਹੈ ਉਹ ਖ਼ਤਮ ਹੋ ਸਕੇ। ਇਕ ਪੂਰਨ ਸਤਿਗੁਰੂ ਰਹੀਂ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਮੌਕੇ ਸਵਾਮੀ ਕਬੀਰ ਜੀ ਨੇ ਸਤਸੰਗ ਅਤੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਅੰਤ ਵਿਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਦੀਆਂ ਸਾਰੀਆਂ ਪ੍ਰਬੰਧਕ ਕਮੇਟੀ ਵੱਲੋਂ ਸਵਾਮੀ ਜੀ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਪ੍ਰੈੱਸ ਨੂੰ ਇਹ ਜਾਣਕਾਰੀ ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਸੇਵਾਦਾਰ ਮਾਨ ਵੱਲੋਂ ਦਿੱਤੀ ਗਈ।