ਕੈਨੇਡਾ ''ਚ ਪੰਜਾਬੀ ਨੌਜਵਾਨ ''ਤੇ ਲੱਗੇ ਨਸ਼ਾ ਤਸਕਰੀ ਦੇ ਦੋਸ਼

10/16/2018 1:19:14 PM

ਸਰੀ, (ਏਜੰਸੀ)— ਕੈਨੇਡਾ 'ਚ ਨਸ਼ਾ ਤਸਕਰੀ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਰੋਜ਼ਾਨਾ ਸੁਣਨ ਨੂੰ ਮਿਲਦੀਆਂ ਹਨ। ਮੁੱਦੇ ਦੀ ਗੱਲ ਇਹ ਹੈ ਕਿ ਜਦ ਤਕ ਨਸ਼ੇ ਵਿਕਦੇ ਰਹਿਣਗੇ ਉਦੋਂ ਤਕ ਨੌਜਵਾਨਾਂ ਦਾ ਭਵਿੱਖ ਖਤਰੇ 'ਚ ਹੀ ਰਹੇਗਾ, ਲੋੜ ਹੈ ਨਸ਼ਾ ਤਸਕਰੀ ਨੂੰ ਸਖਤੀ ਨਾਲ ਰੋਕਣ ਦੀ। ਇਸੇ ਕਾਰਵਾਈ ਤਹਿਤ ਕੈਨੇਡਾ 'ਚ ਕਈ ਪੰਜਾਬੀ ਵੀ ਪੁਲਸ ਦੇ ਅੜਿੱਕੇ ਚੜ੍ਹੇ ਹਨ। ਪਿਛਲੇ ਸਾਲ ਅਗਸਤ 'ਚ ਪੁਲਸ ਨੇ ਪੰਜਾਬੀ ਨੌਜਵਾਨ ਗੁਰਪ੍ਰੀਤ ਮੰਡ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ ਅਤੇ ਹੁਣ ਉਸ 'ਤੇ ਡਰੱਗ ਤਸਕਰੀ ਦੇ ਦੋਸ਼ ਲਗਾਏ ਗਏ ਹਨ। ਸਰੀ ਨਿਵਾਸੀ 39 ਸਾਲਾ ਗੁਰਪ੍ਰੀਤ ਕੋਲੋਂ ਨਸ਼ੀਲੇ ਪਦਾਰਥਾਂ ਦੇ 13 ਬੈਗ ਮਿਲੇ ਸਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਆਰ. ਸੀ. ਐੱਮ. ਪੀ. ਬਾਰਡਰ ਇਨਫੋਰਸਮੈਂਟ ਟੀਮ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ।


ਪੁਲਸ ਨੇ ਉਸ 'ਤੇ ਦੋਸ਼ ਲਗਾਏ ਹਨ ਕਿ ਉਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਨਸ਼ੀਲੇ ਪਦਾਰਥਾਂ ਨੂੰ ਆਪਣੇ ਕੋਲ ਰੱਖਿਆ ਸੀ। 18 ਅਗਸਤ, 2017 ਨੂੰ ਤੜਕੇ ਇਕ ਵਜੇ ਮੰਡ ਜਦੋਂ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਸੀ, ਉਸ ਸਮੇਂ ਡੋਗਲਜ਼ ਪੋਰਟ ਇਲਾਕੇ 'ਚ ਐਂਟਰੀ ਦੌਰਾਨ ਪੁਲਸ ਨੇ ਜਾਂਚ-ਪੜਤਾਲ ਦੌਰਾਨ ਉਸ ਨੂੰ ਫੜਿਆ ਸੀ। ਉਸ ਕੋਲੋਂ ਲਗਭਗ 13 ਕਿਲੋ ਨਸ਼ੀਲੇ ਪਦਾਰਥ ਮਿਲੇ ਸਨ, ਜਿਨ੍ਹਾਂ ਦੀਆਂ 1,30,000 ਡੋਜ਼ਜ਼ ਬਣ ਸਕਦੀਆਂ ਹਨ।


ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਚੀਫ ਆਫ ਆਪ੍ਰੇਸ਼ਨਜ਼ ਹੋਲੀ ਸਟੋਨਰ ਨੇ ਕਿਹਾ ਕਿ ਸਾਡੇ ਅਧਿਕਾਰੀ ਲਗਾਤਾਰ ਇਸ ਮਾਮਲੇ ਦੀ ਜਾਂਚ ਕਰਨ 'ਚ ਜੁਟੇ ਹੋਏ ਸਨ ਅਤੇ ਉਨ੍ਹਾਂ ਨੇ ਮੰਡ ਨੂੰ ਦੋਸ਼ੀ ਪਾਇਆ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ ਅਤੇ ਬਹੁਤ ਸਾਰੇ ਨੌਜਵਾਨ ਭਟਕ ਕੇ ਗੈਂਗ ਹਿੰਸਾ ਅਤੇ ਨਸ਼ਿਆਂ ਦੀ ਤਸਕਰੀ 'ਚ ਸ਼ਾਮਲ ਹਨ ਅਤੇ ਹੋਰਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਨ।