ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਗੁਰਮਤਿ ਗਿਆਨ ਮੁਕਾਬਲੇ 03 ਦਸੰਬਰ ਨੂੰ

11/14/2017 5:24:21 PM

ਰੋਮ (ਕੈਂਥ)— ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਦੇ ਸਾਂਝੇ ਉਪਰਾਲੇ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਬਾਬਾ ਜੀਵਨ ਸਿੰਘ(ਜੈਤਾ ਜੀ), ਬਾਬਾ ਲੱਖੀ ਸ਼ਾਹ ਬਣਜਾਰਾ ਜੀ ਅਤੇ ਸਮੁੱਚੇ ਦਿੱਲੀ ਦੇ ਸਮੂਹ ਸ਼ਹੀਦ ਸਿੰਘਾ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ 03 ਦਸੰਬਰ 2017 ਨੂੰ ਕਰਵਾਏ ਜਾ ਰਹੇ ਹਨ। ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਮੁਕਾਬਲੇ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਾਉਂਣਾ ਹੈ। ਇਹ ਮੁਕਾਬਲੇ 4 ਵੱਖ-ਵੱਖ ਗਰੁੱਪਾਂ ਵਿਚ ਕਰਵਾਏ ਜਾਣਗੇ। ਗਰੁੱਪ 05 ਤੋਂ 08 ਸਾਲ, 08 ਤੋਂ 11 ਸਾਲ, 11 ਤੋਂ 14 ਸਾਲ, 14 ਤੋਂ ਓਪਨ ਵਿਚ ਹੋਣਗੇ। ਇਨ੍ਹਾਂ ਮੁਕਾਬਲਿਆਂ ਲਈ ਸਵਾਲ ਕਲਤੂਰਾ ਸਿੱਖ ਇਟਲੀ ਦੀ ਵੈਬਸਾਈਟ www.culturasikh.com 'ਤੇ ਵੱਖ-ਵੱਖ ਉਮਰ ਦੇ ਗਰੁੱਪਾਂ ਵਿਚ ਉਪਲੱਬਧ ਹਨ। ਸਵਾਲ ਸਿਰਫ ਵੈਬਸਾਈਟ ਦੇ ਹੀ ਮੰਨੇ ਜਾਣਗੇ। ਇਹ ਮੁਕਾਬਲੇ ਲਿਖਤੀ ਰੂਪ ਵਿਚ ਪੇਪਰ ਸ਼ੀਟ 'ਤੇ ਕਰਵਾਏ ਜਾਣਗੇ ਅਤੇ ਪੇਪਰ ਦਾ ਸਮਾਂ ਸਿਰਫ 40 ਮਿੰਟ ਦਾ ਹੈ।
ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਮਿਆਣੀ, ਵਾਈਸ ਪ੍ਰਧਾਨ ਭਾਈ ਪ੍ਰੇਮ ਸਿੰਘ, ਸੈਕਟਰੀ ਭਾਈ ਬਲਜੀਤ ਸਿੰਘ, ਵਾਇਸ ਸੈਕਟਰੀ ਭਾਈ ਰਵਿੰਦਰ ਸਿੰਘ, ਖਜਾਨਚੀ ਭਾਈ ਮਨਜੀਤ ਸਿੰਘ, ਵਾਇਸ ਖਜਾਨਚੀ ਭਾਈ ਦਲਜੀਤ ਸਿੰਘ, ਭਾਈ ਸਤਬੀਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਬਲਬੀਰ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਪਰਮਜੀਤ ਸਿੰਘ ਲਵਲੀ ਵੱਲੋਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸਿੱਖ ਜਥੇਬੰਦੀਆਂ ਅਤੇ ਇਟਲੀ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ, ਕਿ ਆਪਣੇ ਬੱਚਿਆਂ ਸਮੇਤ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਹੁੰਮ-ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ।