ਗੋਲਡ ਕੋਸਟ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ

10/10/2017 11:39:59 AM

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਖੂਬਸੁਰਤ ਸ਼ਹਿਰ ਗੋਲਡ ਕੋਸਟ ਵਿਖੇ ਸਿੱਖ ਸੰਗਤਾਂ ਦੀ ਵਧਦੀ ਵੱਸੋਂ ਵੇਖਦਿਆ ਗੋਲਡ ਕੋਸਟ ਸਿੱਖ ਕੌਂਸਲ ਵੱਲੋਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਅਰਦਾਸ ਅਤੇ ਕੀਰਤਨ ਕਰਨ ਉਪਰੰਤ ਗਿਆਨੀ ਤੇਜਾ ਸਿੰਘ ਵੁਲਗੂਲਗਾ, ਜਗਤਜੀਤ ਸਿੰਘ, ਭਜਨ ਸਿੰਘ, ਗੱਜਣ ਸਿੰਘ ਅਤੇ ਬੇਅੰਤ ਸਿੰਘ ਪੰਜਾਂ ਸੇਵਾਦਾਰਾਂ ਵੱਲੋਂ ਗੋਲਡ ਕੋਸਟ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਰਸਮੀ ਨੀਂਹ ਪੱਥਰ ਰੱਖਿਆ। ਸਿੱਖ ਕੌਂਸਲ ਦੇ ਨੁਮਾਇੰਦੇ ਸੁਰਜੀਤ ਸਿੰਘ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵੀਂ ਬਣ ਰਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਬਹੁਤ ਹੀ ਮਨਮੋਹਣਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ, ਉਸਾਰੀ ਅਗਲੇ ਵਰ੍ਹੇ ੨੦੧੮ ਵਿਚ ਮੁਕੰਮਲ ਹੋਵੇਗੀ। ਜਿਸ 'ਚ ਬਹੁਤ ਹੀ ਵੱਡਾ ਦੀਵਾਨ ਹਾਲ, ਰਸੋਈ ਘਰ, ਮੀਟਿੰਗ ਹਾਲ, ਲੰਗਰ ਹਾਲ, ਵੱਡੇ ਪੱਧਰ 'ਤੇ ਪਾਰਕਿੰਗ ਦੀ ਵਿਵਸਥਾ ਅਤੇ ਸੰਗਤਾਂ ਲਈ ਆਧੁਨਿਕ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ 'ਤੇ ਕਰੀਬ ੩ ਮਿਲੀਅਨ ਡਾਲਰ ਤੱਕ ਦੀ ਲਾਗਤ ਆਵੇਗੀ। ਵਿਦੇਸ਼ ਵਿਚ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸਿਖ ਇਤਿਹਾਸ, ਗੁਰੂ ਸਹਿਬਾਨ ਜੀ ਦੇ ਫ਼ਲਸਫੇ ਦੀ ਜਾਣਕਾਰੀ ਉਪਲੱਬਧ ਕਰਵਾਉਣ ਲਈ ਲਾਇਬ੍ਰੇਰੀ, ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦਾ ਪਸਾਰ ਕਰਨ ਹਿੱਤ ਸਿੱਖਿਆ ਦੇ ਨਾਲ-ਨਾਲ ਵਿਰਾਸਤ ਨਾਲ ਜੋੜਨ ਦੇ ਲਈ ਖੇਡ ਦੇ ਮੈਦਾਨਾਂ ਦਾ ਵੀ ਉਚੇਚੇ ਤੌਰ 'ਤੇ ਪ੍ਰਬੰਧ ਕੀਤਾ ਜਾਵੇਗਾ। ਇਹ ਸਭ ਕੁੱਝ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਿਹ ਸੇਈ।। ਦੇ ਤਹਿਤ ਆਪਣੀ ਨੇਕ ਕਮਾਈ 'ਚੋਂ ਦਸਵੰਦ ਕੱਢ ਕੇ ਇਨ੍ਹਾਂ ਚੱਲ ਰਹੇ ਕਾਰਜਾਂ ਵਿਚ ਹਿੱਸਾ ਪਾ ਕੇ ਗੁਰੂ ਦੀ ਖੁਸ਼ੀਆਂ ਜ਼ਰੂਰ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਸਥਾਨਕ ਕੌਂਸਲਰ ਵਿਲੀਅਮ ਓਬ ਜੋਨਸ, ਗਿਰਜਾਘਰ ਦੇ ਪਾਦਰੀ ਇਬਰਾਹੀਮ ਅਤੇ ਜਸਜੋਤ ਸਿੰਘ ਖ਼ਾਲਸਾ ਪ੍ਰਧਾਨ ਗੁਰੂ ਘਰ ਲੋਗਨ ਵੱਲੋਂ ਸਿੱਖ ਸੰਗਤਾਂ ਨੂੰ ਰੂਹਾਨੀਅਤ ਦੇ ਕਾਰਜ ਲਈ ਵਧਾਈ ਦਿੰਦਿਆਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।