ਸੰਗਤਾਂ ਨੇ ਖਰੀਦੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ
Saturday, Nov 01, 2025 - 03:09 PM (IST)
ਮਿਲਾਨ ਇਟਲੀ (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ 'ਚ ਵੱਸਦੀਆਂ ਸਿੱਖ ਸੰਗਤਾਂ ਵੱਲੋ ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਅਲੀਸ਼ਾਨ ਇਮਾਰਤ ਦੀ ਰਜਿਸਟਰੀ ਦੇ ਸਾਰੇ ਕਾਰਜ ਮੁਕੰਮਲ ਹੋਣ ਅਤੇ ਗੁਰਦੁਆਰਾ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਤਿੰਨ ਰੋਜਾ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਦਸਣਯੋਗ ਹੈ ਕਿ ਜੁਲਾਈ ਦੇ ਮਹੀਨੇ 'ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਰਜਿਸਟਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਹੋਈ ਗਈ ਸੀ ਅਤੇ ਕਰੋੜਾਂ ਰੁਪਈਆ ਦੀ ਆਲੀਸ਼ਾਨ ਇਮਾਰਤ ਸਿੱਖ ਸੰਗਤਾਂ ਦੀ ਆਪਣੀ ਹੋ ਗਈ ਸੀ ਜੋ ਕਿ ਪਹਿਲਾਂ ਕਿਰਾਏ 'ਤੇ ਸੀ। ਸੰਗਤ ਵੱਲੋਂ ਸ਼ੁਕਰਾਨੇ ਦੇ ਤੌਰ ਤੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਸਜਾਏ ਗਏ, ਜਿਨਾਂ 'ਚ ਪੰਥ ਪ੍ਰਸਿੱਧ ਢਾਡੀ ਹਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਦਿਆਂ ਹੋਇਆ ਸਮਾਗਮਾਂ 'ਚ ਹਾਜ਼ਰੀਆਂ ਭਰੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਦੇਣ ਵਾਲੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਜਿਨਾਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦਿਆਂ ਗੁਰਦੁਆਰਾ ਸਾਹਿਬ ਦੀਆਂ ਇਮਾਰਤ ਖਰੀਦਣ ਲਈ ਚੱਲ ਰਹੀਆਂ ਸੇਵਾਵਾਂ 'ਚ ਹਿੱਸਾ ਪਾਇਆ ਇਸ ਮੌਕੇ ਅਤੇ ਲਗਭਗ ਲਾਸੀਓ ਸਟੇਟ ਦੇ ਸਾਰੇ ਗੁਰਦੁਆਰਾ ਸਾਹਿਬ ਤੋਂ ਪ੍ਰਬੰਧਕ ਕਮੇਟੀਆਂ ਨੇ ਹਾਜ਼ਰੀਆਂ ਭਰੀਆਂ ਅਤੇ ਸਮਾਗਮ 'ਚ ਪਹੁੰਚ ਕੇ ਰੌਣਕਾਂ ਨੂੰ ਵਧਾਉਂਦੇ ਹੋਏ ਆਪਣਾ ਜੀਵਨ ਸਫਲਾ ਬਣਾਇਆ। ਇਸ ਦੌਰਾਨ ਗੁਰੂ ਕਿ ਲੰਗਰ ਅਤੁੱਟ ਵਰਤਾਏ ਗਏ। ਰੋਮ ਵਰਗੇ ਮਹਿੰਗੇ ਸ਼ਹਿਰ 'ਚ ਸਿੱਖ ਸੰਗਤਾਂ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਉਪਰਾਲੇ ਸਿੱਖ ਕੌਮ ਦੀ ਆਪਸੀ ਏਕਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਦੱਸਣਯੋਗ ਹੈ ਕਿ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਅਪ੍ਰੈਲ ਦੇ ਮਹੀਨੇ ਰੋਮ 'ਚ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ।

