ਗੁਰਬਾਣੀ ਨਾਲ ਜੁੜੇ ਬਿਨਾਂ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ : ਭਾਈ ਸੁਖਵਿੰਦਰ ਸਿੰਘ

04/24/2019 11:51:48 AM

ਮਿਲਾਨ , (ਸਾਬੀ ਚੀਨੀਆ)— ਪ੍ਰਸਿੱਧ ਰਾਗੀ ਭਾਈ ਸੁਖਵਿੰਦਰ ਸਿੰਘ ਜੀ ਨੇ ਇਟਲੀ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਨਾਲ ਜੁੜੇ ਬਿਨਾਂ ਸਾਨੂੰ ਦੁਨੀਆਵੀ ਲੋਕਾਂ ਨੂੰ ਸੁੱਖ-ਸ਼ਾਂਤੀ ਨਹੀਂ ਮਿਲ ਸਕਦੀ ਫਿਰ ਚਾਹੇ ਅਸੀਂ ਜਿੰਨੇ ਮਰਜੀ ਮੱਥੇ ਰਗੜੀ ਜਾਈਏ। ਆਪਣੇ ਉਨ੍ਹਾਂ ਸੇਵਕਾਂ ਦੀ ਲੱਜ ਵਾਹਿਗੁਰੂ ਆਪ ਰੱਖਦੇ ਹਨ, ਜਿਹੜੇ ਮਨ ਚਿੱਤ ਲਾ ਕੇ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਉਸ ਪ੍ਰਮਾਤਮਾ ਨੂੰ ਧਿਆਉਂਦੇ ਹੋਏ ਗੁਰਬਾਣੀ ਸਿਮਰਨ ਨਾਲ ਜੁੜੇ ਰਹਿੰਦੇ ਹਨ।

ਇਸ ਮੌਕੇ ਸਜਾਏ ਦੀਵਾਨਾਂ 'ਚ ਹਾਜ਼ਰੀ ਭਰਦੇ ਹੋਏ ਉਨ੍ਹਾਂ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸਭ ਵਧਾਈ ਦੇ ਪਾਤਰ ਹਨ। ਗੁਰੂ ਦੀਆਂ ਸੰਗਤਾਂ ਵਿਦੇਸ਼ਾਂ 'ਚ ਵੱਡੇ ਸਮਾਗਮ ਕਰਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ, ਜੋ ਖੁਸ਼ੀ ਵਾਲੀ ਗੱਲ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਸੁਖਵਿੰਦਰ ਸਿੰਘ ਅਤੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।