ਫਰਿਜ਼ਨੋ ''ਚ ਰਿਲੀਜ਼ ਹੋਈ ਗਿੰਨੀ ਸਾਗੂ ਦੀ ਪੁਸਤਕ

12/11/2019 3:41:26 PM

ਨਿਊਯਾਰਕ/ਫਰਿਜ਼ਨੋ, (ਰਾਜ ਗੋਗਨਾ )— ਹਰ ਸੁਹਿਰਦ ਲੇਖਕ ਜੋ ਆਪ ਹੰਢਾਉਂਦਾ ਹੈ, ਉਨ੍ਹਾਂ ਹੀ ਸੂਖਮ ਭਾਵਨਾਵਾਂ ਨੂੰ ਆਪਣੀ ਲਿਖਤ ਦੇ ਜ਼ਰੀਏ ਆਪਣੇ ਆਲੇ-ਦੁਆਲੇ ਨਾਲ ਸਾਂਝਾ ਕਰਦਾ ਹੋਇਆ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ। ਪੰਜਾਬੀ ਪੱਤਰਕਾਰੀ ਅਤੇ ਲਿਖਤਾਂ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਆਸਟ੍ਰੇਲੀਆ ਵਸਨੀਕ 'ਗਿੰਨੀ ਸਾਗ' ਦੇ ਵਿਦੇਸ਼ੀ ਸਫਰਨਾਮਿਆਂ ਦੀ ਇਕ ਪੁਸਤਕ 'ਅਣਡਿੱਠੀ ਦੁਨੀਆ' ਰਿਲੀਜ਼ ਕੀਤੀ ਗਈ। ਜੋ ਰਸਮੀ ਤੌਰ 'ਤੇ 'ਫਰਿਜ਼ਨੋ ਡਰੀਮਜ਼' ਦੇ ਸਟੂਡੀਓ ਵਿੱਚ ਪੱਤਰਕਾਰ ਨੀਟਾ ਮਾਛੀਕੇ, ਪੰਜਾਬੀ ਮੀਡੀਆ, ਯੂ. ਐੱਸ. ਏ. ਦੇ ਮੁੱਖ ਪ੍ਰਬੰਧਕ ਜਗਦੇਵ ਸਿੰਘ,  ਭੰਡਾਲ, ਜਸਵੰਤ ਸਿੰਘ ਮਹਿੰਮੀ, ਗਾਇਕ ਅਤੇ ਅਦਾਕਾਰ ਬਾਈ ਸੁਰਜੀਤ ਮਾਛੀਵਾੜਾ, ਟਰੱਕਿੰਗ ਇੰਡਸਟਰੀ ਤੋਂ ਰਮਨ ਢਿੱਲੋ ਅਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਰਲੀਜ਼ ਕੀਤੀ ਗਈ।  

ਇਹ ਪੁਸਤਕ ਲੇਖਕ ਗਿੰਨੀ ਸਾਗੂ ਦੇ ਅਮਰੀਕਾ ਅਤੇ ਵਿਦੇਸੀ ਸਫ਼ਰਨਾਮਿਆਂ ਦਾ ਬਹੁਤ ਰੌਚਕ ਸੁਮੇਲ ਹੈ। ਇਸ ਪੁਸਤਕ ਵਿੱਚ ਲੇਖਕ ਜਿੱਥੇ ਆਪਣੇ ਵਿਦੇਸ਼ੀ ਸਫਰਨਾਮੇ ਦੀ ਸਾਂਝ ਪਾਉਦਾ ਹੈ, ਉੱਥੇ ਆਪਣੇ ਨਿੱਜੀਤਵ ਦਾ ਖੁੱਲ੍ਹ ਕੇ ਪ੍ਰਗਟਾਅ ਕਰਦਾ ਹੈ। ਇਹ ਪੁਸਤਕ ਪੜ੍ਹਨਯੋਗ ਹੈ ਜਿਸ ਤੋਂ ਨਵੀਂ ਜਾਣਕਾਰੀ ਮਿਲਦੀ ਹੈ। ਇਸ ਸਮੇਂ ਪੱਤਰਕਾਰ ਨੀਟਾ ਮਾਛੀਕੇ ਗੱਲਬਾਤ ਕਰਦੇ ਹੋਏ ਵਧਾਈ ਦਿੱਤੀ। ਜਦ ਕਿ ਗਾਇਕ ਅਤੇ ਲੇਖਕ ਧਰਮਵੀਰ ਥਾਂਦੀ ਨੇ ਗਿੰਨੀ ਸਾਗੂ ਨੂੰ ਵਧਾਈ ਦਿੰਦੇ ਹੋਏ ਸਭ ਨੂੰ ਅਜਿਹੀਆਂ ਚੰਗੀਆਂ ਪੁਸਤਕਾਂ ਪੜ੍ਹਨ ਦੀ ਅਪੀਲ ਕੀਤੀ। ਜਗਦੇਵ ਸਿੰਘ ਭੰਡਾਲ ਨੇ 'ਫਰਿਜ਼ਨੋ ਡਰੀਮਜ਼ ਸਟੂਡੀਓ' ਦੇ ਸਮੂਹ ਮੈਂਬਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।  ਅੰਤ ਇਹ ਪ੍ਰੋਗਰਾਮ ਸਾਹਿਤਕ ਵਿਚਾਰਾਂ ਕਰਦਾ ਹੋਇਆ ਯਾਦਗਾਰੀ ਹੋ ਨਿਬੜਿਆ।