ਇਸ ਪੁਲਸ ਵਾਲੀ ਦਾ ਅੰਦਾਜ਼ ਹੈ ਵੱਖਰਾ, ਇਕ ਕਰਦੀ ਹੈ ''ਰੈਪ'', ਦੂਜਾ ਸੁਭਾਅ ਹੈ ਅੱਥਰਾ (ਵੀਡੀਓ)

06/11/2017 12:38:03 PM

ਟੋਰਾਂਟੋ— ਪੁਲਸ ਵਾਲੀਆਂ ਦਾ ਅੱਥਰਾ ਸੁਭਾਅ ਦੇਖ ਕੇ ਤਾਂ ਚੰਗੇ-ਚੰਗੇ ਡਰ ਜਾਂਦੇ ਹਨ ਪਰ ਇਸ ਮੈਡਮ ਦੇ ਕੀ ਕਹਿਣੇ। ਇਹ ਤਾਂ ਰੈਪ ਕਰਦੀ ਹੋਈ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾ ਦਿੰਦੀ ਹੈ ਕਿ ਇੱਥੇ ਉਹ ਉਨ੍ਹਾਂ ਦੀ ਮਦਦ ਲਈ ਹੀ ਹੈ। ਗੱਲ ਹੋ ਰਹੀ ਹੈ ਕੈਨੇਡਾ ਦੀ ਇਕ ਅਜਿਹੀ ਮਹਿਲਾ ਪੁਲਸ ਕਰਮੀ ਦੀ, ਜੋ ਰੈਪ ਸਟਾਰ ਵੀ ਹੈ। ਯੌਰਕ ਰੀਜਨਲ ਪੁਲਸ ਦੀ ਕਾਂਸਟੇਬਲ ਐਮੀ ਓਲੀਵਰ ਦਾ ਇਹ ਅੰਦਾਜ਼ ਦੇਖਣ ਨੂੰ ਮਿਲਿਆ ਓਨਟਾਰੀਓ ਵਿਖੇ ਆਯੋਜਿਤ ਕੀਤੇ ਗਏ ਇਕ ਕਾਰ ਸ਼ੋਅ ਵਿਚ। ਇਸ ਸ਼ੋਅ ਵਿਚ ਓਲੀਵਰ ਨੇ ਰੈਪ ਕਰਕੇ ਸਭ ਦਾ ਮਨ ਮੋਹ ਲਿਆ। 
ਜਦੋਂ ਓਲੀਵਰ ਨੇ 'ਮਾਈ ਕੌਫੀ ਡਬਲ-ਡਬਲ' ਰੈਪ ਗਾ ਕੇ ਲੋਕਾਂ ਨੂੰ ਪੁਲਸ ਵਾਲਿਆਂ ਦੀਆਂ ਖੂਬੀਆਂ ਗਿਣਾਈਆਂ ਤਾਂ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਦੀ ਇਕ-ਇਕ ਲਾਈਨ 'ਤੇ ਤਾੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ। ਉਸ ਨੇ ਰੈਪ ਵਿਚ ਲੋਕਾਂ ਨੂੰ 'ਚਿਲ ਪਿਲ' ਕਰਨ ਪਰ ਅਪਰਾਧੀਆਂ ਨੂੰ ਬਚ ਕੇ ਰਹਿਣ ਤੱਕ ਦੀ ਸਲਾਹ ਦੇ ਦਿੱਤੀ ਅਤੇ ਉਸ ਦਾ ਇਹ ਅੰਦਾਜ਼ ਸਭ ਦਾ ਮਨ ਟੁੰਬ ਗਿਆ। ਉਸ ਦੀ ਇਸ ਪਰਫਾਮੈਂਸ ਨੂੰ ਉੱਥੇ ਮੌਜੂਦ ਕਈ ਲੋਕਾਂ ਨੇ ਮੋਬਾਈਲ ਕੈਮਰੇ ਵਿਚ ਕੈਦ ਕੀਤਾ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਮਹਿਲਾ ਪੁਲਸ ਕਰਮੀ ਛਾ ਗਈ ਹੈ। ਓਲੀਵਰ ਦਾ ਕਹਿਣਾ ਹੈ ਕਿ ਲੋਕਾਂ ਦਾ ਪਿਆਰ ਦੇਖ ਕੇ ਉਹ ਕਾਫੀ ਖੁਸ਼ ਹੈ। ਉਸ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਰੈਪ ਦਾ ਸ਼ੌਂਕ ਹੈ।

Kulvinder Mahi

This news is News Editor Kulvinder Mahi