ਅਫਾਰ ਵਿਚ ਚੱਲ ਰਹੀ ਲੜਾਈ ਵਿਚ ਫਸੇ 30 ਹਜ਼ਾਰ ਨਾਗਰਿਕ : ਸੰਯੁਕਤ ਰਾਸ਼ਟਰ

08/23/2017 1:44:13 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮੁਤਾਬਕ ਤਲ ਅਫਾਰ ਵਿਚ ਹੋ ਰਹੀ ਲੜਾਈ ਵਿਚ ਕਰੀਬ 30 ਹਜ਼ਾਰ ਨਾਗਰਿਕ ਉੱਥੇ ਫਸੇ ਹੋਏ ਹਨ। ਇਹ ਉਹ ਸ਼ਹਿਰ ਹੈ ਜਿੱਥੋਂ ਇਸਲਾਮਿਕ ਸਟੇਟ ਸਮੂਹ ਨੂੰ ਖਦੇੜਨ ਲਈ ਇਰਾਕੀ ਫੌਜ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੰਯੁਕਤ ਰਾਸ਼ਟਰ ਮਹਾਸਚਿਵ ਐਂਤੋਨੀਓ ਗੁਤਾਰੇਸ ਦੇ ਬੁਲਾਰਾ ਸਟੀਫਨ ਦੁਜਾਰਿਕ ਨੇ ਕੱਲ੍ਹ ਪੱਤਰਕਾਰਾਂ ਨੂੰ ਦੱਸਿਆ,''ਤਲ ਅਫਾਰ ਸ਼ਹਿਰ ਦੇ ਦੱਖਣ ਅਤੇ ਪੂਰਬ ਵਿਚ ਕੁਝ ਸਥਾਨਾਂ 'ਤੇ ਮਨੁੱਖੀ ਮਦਦ ਦਿੱਤੀ ਜਾ ਰਹੀ ਹੈ। ਕੱਲ੍ਹ ਇਨ੍ਹਾਂ ਸਥਾਨਾਂ ਤੋਂ ਲੰਘਣ ਵਾਲੇ 300 ਤੋਂ ਜ਼ਿਆਦਾ ਲੋਕਾਂ ਨੇ ਮਦਦ ਪ੍ਰਾਪਤ ਕੀਤੀ।'' ਦੁਜਾਰਿਕ ਮੁਤਾਬਕ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ (ਯੂ. ਐੱਨ. ਐੱਚ. ਸੀ. ਆਰ.) ਨੂੰ ਸੰਭਾਵਨਾ ਹੈ ਕਿ ਇਰਾਕੀ ਨਾਗਰਿਕਾਂ ਦੀ ਮਨੁੱਖੀ ਢਾਲ ਦੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਭੱਜਣ ਦੀ ਕੋਸ਼ਿਸ਼ ਦਾ ਨਤੀਜਾ ਗੋਲੀਬਾਰੀ ਅਤੇ ਹੱਤਿਆਵਾਂ ਹੋ ਸਕਦਾ ਹੈ। 
ਉਨ੍ਹਾਂ ਨੇ ਦੱਸਿਆ ਕਿ ਯੂ. ਐੱਨ. ਏ. ਐੱਚ. ਆਰ. ਨੇ ਸੰਘਰਸ਼ ਵਿਚ ਸ਼ਾਮਲ ਸਾਰੇ ਪੱਖਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਾਗਰਿਕਾਂ ਨੂੰ ਸੰਘਰਸ਼ ਵਾਲਾ ਖੇਤਰ ਛੱਡਣ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇਣ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਨਾਗਰਿਕ ਇਸ ਖੇਤਰ ਨੂੰ ਛੱਡ ਜਾਣਗੇ। ਇਰਾਕੀ ਬਲਾਂ ਨੇ ਕੱਲ੍ਹ ਆਈ. ਐੱਸ ਜਿਹਾਦੀਆਂ ਦੇ ਗੜ੍ਹ ਰਹੇ ਤਲ ਅਫਾਰ ਵਿਚ ਤਿੰਨ ਜ਼ਿਲ੍ਹਿਆਂ 'ਤੇ ਕਬਜਾ ਕਰ ਲਿਆ ਸੀ। ਇਰਾਕ ਦੇ ਮੋਸੂਲ ਵਿਚ ਆਈ. ਐੱਸ. ਨੂੰ ਖਦੇੜਨ ਅਤੇ ਸ਼ਹਿਰ ਨੂੰ ਆਪਣੇ ਕਬਜੇ ਵਿਚ ਲੈਣ ਦੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤਣ ਦੇ ਬਾਅਦ ਇਰਾਕੀ ਬਲਾਂ ਨੇ ਤਲ ਅਫਾਰ 'ਤੇ ਕਬਜਾ ਕਰਨ ਲਈ ਐਤਵਾਰ ਨੂੰ ਹਿੰਸਕ ਕਾਰਵਾਈ ਸ਼ੁਰੂ ਕੀਤੀ। ਆਈ. ਐੱਸ. ਵਿਰੁੱਧ ਮੁਹਿੰਮ ਚਲਾਉਣ ਲਈ ਇਰਾਕੀ ਫੌਜ ਨੂੰ ਅਮਰੀਕਾ ਦੀ ਅਗਵਾਈ ਵਾਲੇ ਕੌਮਾਂਤਰੀ ਗਠਜੋੜ ਵਿਚ ਸਮਰਥਨ ਪ੍ਰਾਪਤ ਹੈ।