ਪਾਕਿ ''ਚ ਜਿੰਨਾਹ ਦੀ ਮਜ਼ਾਰ ''ਤੇ ਟਿਕ-ਟਾਕ ਵੀਡੀਓ ਬਣਾਉਣ ਵਾਲਾ ਗਰੁੱਪ ਗਿ੍ਰਫਤਾਰ

02/26/2020 8:26:23 PM

ਕਰਾਚੀ - ਮਜ਼ਾਰ ਏ ਕਾਇਦ 'ਤੇ ਇਸ ਡਾਂਸ ਦੀ ਟਿਕ-ਟੋਕ ਵੀਡੀਓ ਬਣਾਉਣ ਵਾਲਾ ਗਰੁੱਪ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਗਰੁੱਪ ਨੂੰ ਅਸਦ ਨਾਂ ਦਾ ਇਕ ਵਿਅਕਤੀ ਚਲਾਉਂਦਾ ਹੈ, ਇਹ ਗਰੁੱਪ ਮਜ਼ਾਰ ਏ ਕਾਇਦ 'ਤੇ ਟਿਕ-ਟਾਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਦਾ ਸੀ।

ਦਰਅਸਲ, ਮਜ਼ਾਰ ਏ ਕਾਇਦ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾਹ ਦਾ ਮਕਬਰਾ ਹੈ। ਇਸ ਨੂੰ ਰਾਸ਼ਟਰੀ ਮਕਬਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਮਜ਼ਾਰ ਏ ਕਾਇਦ 'ਤੇ ਡਾਂਸ ਦੀ ਵੀਡੀਓ ਬਣਾਉਣ ਵਾਲੇ ਗਰੁੱਪ ਦੇ ਸਾਰੇ ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਦਰਅਸਲ, ਕਰਾਚੀ ਵਿਚ ਮਜ਼ਾਰ ਏ ਕਾਇਦ ਦੀ ਮੈਨੇਜਮੈਂਟ ਬੋਰਡ ਨੇ ਮਾਮਲੇ ਦਾ ਪਤਾ ਲੱਗਦੇ ਹੀ ਇਸ 'ਤੇ ਐਕਸ਼ਨ ਲੈਣ ਨੂੰ ਆਖਿਆ ਸੀ, ਇਸ ਤੋਂ ਬਾਅਦ ਇਸ ਗਰੁੱਪ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਕੁਡ਼ੀ ਮਜ਼ਾਰ ਏ ਕਾਇਦ ਦੇ ਸਾਹਮਣੇ ਸੰਗਮਰਮਰ ਨਾਲ ਬਣੇ ਫਰਸ਼ 'ਤੇ ਡਾਂਸ ਕਰ ਰਹੀ ਸੀ। ਕੁਡ਼ੀ ਦੇ ਚਿਹਰੇ 'ਤੇ ਨਕਾਬ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਪਾ ਰਹੀ ਸੀ। ਹਾਲਾਂਕਿ ਨਕਾਬਪੋਸ਼ ਕੁਡ਼ੀ ਦੀਆਂ ਕਈ ਹੋਰ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿਚ ਗੀਤ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਸ ਵੀਡੀਓ ਨੂੰ ਫਿਲਮਾਉਣ ਦੌਰਾਨ ਹੋਰ ਲੋਕ ਵੀ ਉਥੇ ਮੌਜੂਦ ਸਨ।

ਉਥੇ ਇਸ ਮਾਮਲੇ ਵਿਚ ਸਥਾਨਕ ਲੋਕਾਂ ਦਾ ਆਖਣਾ ਸੀ ਕਿ ਅੱਜ-ਕੱਲ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦਾ ਮਾਮਲਾ ਇੰਨਾ ਗੰਭੀਰ ਹੈ ਕਿ ਇਸ ਵਿਚ ਹੁਣ ਪਾਕਿਸਤਾਨ ਦੇ ਸੰਸਥਾਪਕ ਦੀ ਮਜ਼ਾਰ ਨੂੰ ਵੀ ਨਹੀਂ ਬਖਸ਼ਿਆ, ਜਿਹਡ਼ਾ ਕਿ ਇਕ ਦੁਖਦ ਪਹਿਲੂ ਹੈ। ਉਥੇ ਸੋਸ਼ਲ ਮੀਡੀਆ 'ਤੇ ਮੌਜੂਦ ਵੀਡੀਓ ਹਟਾਉਣ ਅਤੇ ਇਸ ਮਾਮਲੇ ਦੀ ਜਾਂਚ ਲਈ ਮਜ਼ਾਰ ਏ ਕਾਇਦ ਦੇ ਪ੍ਰਬੰਧਨ ਨੇ ਐਫ. ਆਈ. ਏ. ਤੋਂ ਅਪੀਲ ਕਰਨ ਦਾ ਫੈਸਲਾ ਕੀਤਾ ਹੈ।

Khushdeep Jassi

This news is Content Editor Khushdeep Jassi