ਗ੍ਰੀਨ ਪਾਰਟੀ ਨੇ ਨਵਦੀਪ ਸਿੰਘ ਨੂੰ ਐਲਾਨਿਆ ਸੈਨੇਟ ਉਮੀਦਵਾਰ

08/19/2018 5:42:33 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬ ਦੇ ਜੰਮ-ਪਲ ਆਸਟ੍ਰੇਲੀਅਨ ਸਿਆਸਤਦਾਨ ਨਵਦੀਪ ਸਿੰਘ ਨੂੰ ਗਰੀਨ ਪਾਰਟੀ ਵੱਲੋਂ ਅਗਲੀਆਂ ਫੈਡਰਲ ਚੋਣਾਂ ਵਿਚ ਸੈਨੇਟਰ 'ਲਰੀਸਾ ਵਾਟਰਸ' ਦੀ ਅਗਵਾਈ ਵਾਲੀ ਟਿਕਟ ਉੱਪਰ ਦੂਜੇ ਨੰਬਰ ਦਾ, 'ਕੁਈਨਜ਼ਲੈਂਡ' ਲਈ ਸੈਨੇਟ ਉਮੀਦਵਾਰ ਬਣਾਇਆ ਗਿਆ ਹੈ। ਸੈਨੇਟ ਦੀਆਂ ਇਹ ਚੋਣ ਅਗਲੇ ਸਾਲ ਦੇ ਸ਼ੁਰੂ 'ਚ ਹੋਵੇਗੀ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨਾਲ ਗੱਲਬਾਤ ਦੌਰਾਨ ਨਵਦੀਪ ਸਿੰਘ ਨੇ ਦੱਸਿਆ ਕਿ“ਬਦਲਦੇ ਆਰਥਿਕ ਮਾਹੌਲ ਕਾਰਨ ਵੱਡੀਆਂ ਕੰਪਨੀਆਂ ਦੇ ਮੁਨਾਫੇ ਬਹੁਤ ਵਧੇ ਹੋਏ ਹਨ, ਛੋਟੇ ਕਾਰੋਬਾਰੀਆਂ ਦੇ ਕਾਰੋਬਾਰ ਅਤੇ ਨੌਕਰੀ ਪੇਸ਼ਾ ਲੋਕਾਂ ਦੀ ਆਰਥਿਕ ਹਾਲਤ ਵਿਚ ਖੜੋਤ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਹਤ ਅਤੇ ਵਿੱਦਿਅਕ ਸੇਵਾਵਾਂ 'ਚ ਵੀ ਨਿਘਾਰ ਆਇਆ ਹੈ, ਇਸ ਸਮੱਸਿਆ ਦਾ ਸਰਕਾਰ ਕੋਈ ਵੀ ਅਸਰਦਾਰ ਹੱਲ ਕੱਢਣ 'ਚ ਨਾਕਾਮ ਰਹੀ ਹੈ। ਆਮ ਲੋਕਾਂ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਨਾਲ ਲਗਾਤਾਰ ਅਣਦੇਖੀ ਹੋ ਰਹੀ ਹੈ। 

ਪ੍ਰਵਾਸ ਨੇ ਆਸਟ੍ਰੇਲੀਆ ਦੀ ਤਰੱਕੀ ਵਿਚ ਖਾਸ ਯੋਗਦਾਨ ਪਾਇਆ ਹੈ ਪਰ ਕੁਝ ਪਾਰਟੀਆਂ ਪ੍ਰਵਾਸੀਆਂ ਅਤੇ ਪ੍ਰਵਾਸ ਨੂੰ ਹਊਆ ਦੱਸ ਕੇ ਮੁਲਕ ਦਾ ਮਾਹੌਲ ਖਰਾਬ ਕਰ ਰਹੀਆਂ ਹਨ। ਪਾਰਟੀਆਂ ਮਨੁੱਖਤਾ ਦੇ ਆਧਾਰ 'ਤੇ ਦਿੱਤੇ ਜਾਣ ਵਾਲੇ ਵੀਜ਼ੇ ਜਿਵੇਂ ਕਿ ਸ਼ਰਨਾਰਥੀ ਅਤੇ ਮਾਪਿਆਂ ਦੇ ਵੀਜ਼ੇ ਰੋਕ ਕੇ 'ਊਠ ਤੋਂ ਛਾਨਣੀ ਲਾਹੁਣ ਵਾਂਗ' ਆਸਟ੍ਰੇਲੀਆ ਦਾ ਬੋਝ ਘੱਟ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ ਪਰ ਇਸ ਤਰ੍ਹਾਂ ਦੀਆਂ ਨੀਤੀਆਂ ਨਾਲ ਸਮਾਜਿਕ ਕਦਰਾਂ-ਕੀਮਤਾਂ ਦੀ ਜਾਣ-ਬੁੱਝ ਕੇ ਅਣਦੇਖੀ ਹੋ ਰਹੀ ਹੈ। ਆਸਟ੍ਰੇਲੀਆ ਦਾ ਮੌਜੂਦਾ ਸੱਭਿਆਚਾਰ ਦੁਨੀਆ ਦੇ ਵੱਖ-ਵੱਖ ਖ਼ਿੱਤਿਆਂ 'ਚੋਂ ਆਉਣ ਵਾਲੇ ਲੋਕਾਂ ਦੇ ਸੱਭਿਆਚਾਰ ਦਾ ਕਾਬਲੇ ਤਾਰੀਫ਼ ਮਿਲਗੋਭਾ ਹੈ ਪਰ ਸਰਕਾਰ ਦੀ ਇਕ ਧਿਰ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਹਊਆ ਦੱਸ ਕੇ ਇਸ ਤਰ੍ਹਾਂ ਦੇ ਪ੍ਰਚਾਰ ਕਰ ਕੇ ਆਮ ਸਦਭਾਵਨਾ ਭੰਗ ਹੋਣ ਦਾ ਡਰ ਪਾ ਰਹੀ ਹੈ।

ਇਸ ਕਿਸਮ ਦੀ ਰਾਜਨੀਤੀ ਦਾ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਹੋਰਨਾਂ ਪਾਰਟੀਆਂ ਵੱਲੋਂ ਚੋਣ ਫੰਡਾਂ ਦੇ ਰੂਪ 'ਚ 10 ਕਰੋੜ ਡਾਲਰ ਵੱਡੇ ਘਰਾਣਿਆਂ ਤੋਂ ਲੈਣ ਬਾਅਦ ਲੋਕ ਹੱਕਾਂ ਦੀ ਕੀਤੀ ਹੋਈ ਅਣਦੇਖੀ ਹੈ। ਗਰੀਨ ਪਾਰਟੀ ਜੋ ਕਿ ਕਾਰਪੋਰੇਟ ਘਰਾਣਿਆਂ ਤੋਂ ਚੋਣ ਫੰਡ ਨਹੀਂ ਲੈਂਦੀ, ਉਹ ਇਸ ਸਮੱਸਿਆ ਦਾ ਸੌਖਾ ਹੱਲ ਕਰ ਸਕਦੀ ਹੈ। ਪੱਛਮੀ ਜਗਤ ਤੋਂ ਉਲਟ ਆਸਟ੍ਰੇਲੀਆ ਵਿਚ ਪ੍ਰਵਾਸੀਆਂ ਅਤੇ ਮੂਲ ਵਾਸੀਆਂ ਦੀ ਗਿਣਤੀ ਮੁਤਾਬਕ ਉਨ੍ਹਾਂ ਦੀ ਸੰਸਦੀ ਸੰਸਥਾਨਾਂ ਵਿਚ ੁਨੁਮਾਇੰਦਗੀ ਬਹੁਤ ਘੱਟ ਹੈ। ਗਰੀਨ ਪਾਰਟੀ ਇਸ ਤੱਥ ਨੂੰ ਬਦਲਣ 'ਤੇ ਵੀ ਕੰਮ ਕਰ ਰਹੀ ਹੈ। 

ਨਵਦੀਪ ਮੁਤਾਬਕ ਪ੍ਰਵਾਸੀਆਂ ਦੇ ਬੱਚੇ ਆਪਣੇ ਬਜ਼ੁਰਗਾਂ ਦੀ ਗੈਰ ਮੌਜੂਦਗੀ ਵਿਚ ਆਪਣੀ ਬੋਲੀ ਤੋਂ ਟੁੱਟ ਰਹੇ ਹਨ ਅਤੇ ਰਾਜਨੀਤਿਕ ਤੌਰ 'ਤੇ ਯਤੀਮ ਪੀੜ੍ਹੀ ਆਪਣੀ ਅਗਲੀ ਨਸਲ ਦੀ ਸੱਭਿਆਚਾਰਕ ਨਸਲਕੁਸ਼ੀ ਹੁੰਦੀ ਦੇਖ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਨਵਦੀਪ ਸਿੰਘ ਨੇ 2017 'ਚ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਵਿਰੁੱਧ ਸਟੇਟ ਪਾਰਲੀਮੈਂਟ ਦੀ ਚੋਣ ਲੜੀ ਸੀ ਅਤੇ ਚੋਣ ਦੇ ਪ੍ਰਦਰਸ਼ਨ ਕਾਰਨ ਇਸ ਵਾਰ ਗਰੀਨ ਪਾਰਟੀ ਨੇ ਉਨ੍ਹਾਂ ਨੂੰ ਸੈਨੇਟ ਚੋਣਾਂ 'ਚ ਦੂਜਾ ਸਥਾਨ ਦੇ ਕੇ ਨਿਵਾਜਿਆ ਹੈ। ਪਿਛਲੀਆਂ ਚੋਣਾਂ ਦੌਰਾਨ ਮਿਲੇ ਭਾਈਚਾਰਕ ਸਮਰਥਨ ਨੂੰ ਦੇਖਦੇ ਹੋਏ ਇਸ ਚੋਣ ਨੂੰ ਲੈ ਕੇ ਭਾਈਚਾਰਾ ਆਸਵੰਦ ਹੈ। ਗਰੀਨ ਪਾਰਟੀ ਵੱਲੋਂ ਨਵਦੀਪ ਸਿੰਘ ਨੂੰ ਸੈਨੇਟ ਦੇ ਉਮੀਦਵਾਰ ਐਲਾਨਣ ਦੇ ਨਾਲ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ।