ਦੁਬਈ 'ਚ ਜਿਮ, ਸਿਨੇਮਾ ਘਰਾਂ ਤੇ ਹੋਰ ਕਾਰੋਬਾਰਾਂ ਨੂੰ ਖੋਲ੍ਹਣ ਨੂੰ ਹਰੀ ਝੰਡੀ

05/28/2020 10:51:31 PM

ਦੁਬਈ - ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) ਦੇ ਸ਼ਹਿਰ ਦੁਬਈ ਵਿਚ ਸਰਕਾਰ ਵੱਲੋਂ ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਵਿਚ ਕੁਝ ਛੋਟ ਦਿੱਤੀ ਗਈ ਹੈ। ਸਰਕਾਰ ਨੇ ਜਿਮ, ਸਿਨੇਮਾ ਹਾਲ, ਮਾਲ, ਸਪੋਰਟਸ ਸੈਂਟਰਾਂ, ਥੀਏਟਰ, ਐਜ਼ੂਕੇਸ਼ਨ ਐਂਡ ਟ੍ਰੇਨਿੰਗ ਇੰਸਟੀਚਿਊਟ, ਚਾਈਲਡ ਲਰਨਿੰਗ ਸੈਂਟਰ ਅਤੇ ਹੋਰ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ ਪਰ ਛੋਟ ਵਿਚਾਲੇ ਸਰਕਾਰ ਨੇ 2 ਮੀਟਰ ਦੀ ਸਮਾਜਿਕ ਦੂਰੀ ਅਤੇ ਮਾਸਕ ਲਾਉਣਾ ਲਾਜ਼ਮੀ ਰੱਖਿਆ ਹੈ। ਜਾਣਕਾਰੀ ਮੁਤਾਬਕ 60 ਸਾਲ ਤੋਂ ਜ਼ਿਆਦਾ ਉਮਰ ਅਤੇ 12 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਮਾਲ, ਸਪੋਰਟਸ ਸੈਂਟਰਾਂ, ਐਜ਼ੂਕੇਸ਼ਨ ਇੰਸਟੀਚਿਊਟ ਅਤੇ ਥੀਏਟਰਾਂ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ।

ਦੱਸ ਦਈਏ ਕਿ ਦੁਬਈ ਵਿਚ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਲਾਗੂ ਨਹੀਂ ਹੈ ਪਰ ਇਸ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣ 'ਤੇ ਖਾਸਾ ਧਿਆਨ ਦਿੱਤਾ ਜਾ ਰਿਹਾ ਹੈ। ਉਥੇ ਹੀ ਦੁਬਈ ਲੀਡਰਸ਼ਿਪ ਵੱਲੋਂ ਐਲਾਨ ਕੀਤਾ ਗਿਆ ਕਿ ਐਤਵਾਰ ਤੋਂ ਸਰਕਾਰੀ ਦਫਤਰਾਂ ਨੂੰ ਖੋਲ ਦਿੱਤਾ ਜਾਵੇਗਾ ਅਤੇ ਕਰੀਬ 50 ਫੀਸਦੀ ਸਰਕਾਰੀ ਮੁਲਾਜ਼ਮ ਘਰ ਤੋਂ ਹੀ ਕੰਮ ਕਰਨਗੇ। ਕੋਰੋਨਾਵਾਇਰਸ ਮਹਾਮਾਰੀ ਕਾਰਨ ਯੂ. ਏ. ਈ. ਹੁਣ ਤੱਕ 32,532 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 258 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16,685 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

Khushdeep Jassi

This news is Content Editor Khushdeep Jassi