ਫਰਿਜ਼ਨੋ ਫਾਇਰ ਡਿਪਾਰਟਮੈਂਟ ਲਈ ਜਾਰੀ ਹੋਈ ਗਰਾਂਟ, ਹੋਵੇਗੀ ਨਵੇਂ ਫਾਇਰ ਫਾਈਟਰਾਂ ਦੀ ਭਰਤੀ

09/14/2021 10:08:56 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਫਾਇਰ ਡਿਪਾਰਟਮੈਂਟ ਨੂੰ ਅਮਰੀਕੀ ਸਰਕਾਰ ਵੱਲੋਂ ਸੇਫਰ ਗ੍ਰਾਂਟ ਰਾਹੀਂ 12.6 ਮਿਲੀਅਨ ਡਾਲਰ ਜਾਰੀ ਕੀਤੇ ਗਏ ਹਨ। ਇਸ ਗਰਾਂਟ ਦੀ ਮਦਦ ਨਾਲ ਵਿਭਾਗ ਵੱਲੋਂ ਤਕਰੀਬਨ 42 ਨਵੇਂ ਫਾਇਰ ਫਾਈਟਰਜ਼ ਨਿਯੁਕਤ ਕੀਤੇ ਜਾ ਸਕਣਗੇ। ਫਰਿਜ਼ਨੋ ਫਾਇਰ ਵਿਭਾਗ ਦੇ ਅਧਿਕਾਰੀ ਸ਼ੇਨ ਬਰਾਊਨ ਅਨੁਸਾਰ ਇਹ ਇਕ ਅਪਗ੍ਰੇਡ ਹੈ, ਜਿਸ ਦੀ ਵਿਭਾਗ ਨੂੰ ਸਾਲਾਂ ਤੋਂ ਲੋੜ ਸੀ। ਬਰਾਊਨ ਅਨੁਸਾਰ ਵਿਭਾਗ ਕੋਲ ਉਹੀ ਸਟਾਫਿੰਗ ਮਾਡਲ ਹੈ ਜੋ 1980 ਵਿਚ ਸੀ। 1980 ਵਿਚ ਫਰਿਜ਼ਨੋ ਫਾਇਰ ਕੋਲ 80 ਫਾਇਰ ਫਾਈਟਰਜ਼ ਪ੍ਰਤੀ ਦਿਨ ਡਿਊਟੀ 'ਤੇ ਸਨ, ਜਦਕਿ ਹੁਣ 2021 ਵਿਚ ਇਹ ਗਿਣਤੀ 81 ਹੈ। 1980 ਵਿਚ ਸ਼ਹਿਰ ਦੀ ਆਬਾਦੀ ਤਕਰੀਬਨ 218,000 ਸੀ ਪਰ ਅੱਜ ਲਗਭਗ 540,000 ਹੈ। ਇਸ ਲਈ ਸ਼ਹਿਰ ਵਿਚ ਫਾਇਰ ਫਾਈਟਰਜ਼ ਦੀ ਜ਼ਰੂਰਤ ਹੈ।

ਵਿਭਾਗ ਅਨੁਸਾਰ ਸੇਫਰ ਗਰਾਂਟ ਤਿੰਨ ਸਾਲਾਂ ਲਈ ਸਾਰੇ 42 ਫਾਇਰ ਫਾਈਟਰਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰੇਗੀ। ਇਸ ਵੇਲੇ ਵਿਭਾਗ ਕੋਲ ਸਿਰਫ਼ 300 ਤੋਂ ਵੱਧ ਫਾਇਰ ਫਾਈਟਰ ਹਨ। ਆਬਾਦੀ ਅਤੇ ਅੱਗ ਦੀਆਂ ਘਟਨਾਵਾਂ ਦੇ ਹਿਸਾਬ ਨਾਲ ਫਰਿਜ਼ਨੋ ਨੂੰ ਅਸਲ ਵਿਚ 500-600 ਦੀ ਜ਼ਰੂਰਤ ਹੈ।  ਬਰਾਊਨ ਅਨੁਸਾਰ ਜੇ ਸਭ ਕੁੱਝ ਠੀਕ ਰਿਹਾ ਤਾਂ ਅਗਲੇ ਸਾਲ ਦੇ ਅਰੰਭ ਤੱਕ 42 ਫਾਇਰ ਫਾਈਟਰਜ਼ ਨੂੰ ਨਿਯੁਕਤ ਕਰਕੇ ਸਿਖਲਾਈ ਦਿੱਤੀ ਜਾਵੇਗੀ।

cherry

This news is Content Editor cherry