ਅੰਤਰਰਾਸ਼ਟਰੀ ਯਾਤਰੀਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

10/21/2021 6:30:00 PM

ਇੰਟਰਨੈਸ਼ਨਲ ਡੈਸਕ (ਬਿਊਰੋ): ਸਾਊਦੀ ਅਰਬ, ਯੂ.ਏ.ਈ., ਓਮਾਨ ਆਦਿ ਖਾੜੀ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਇਕ ਜ਼ਰੂਰੀ ਖ਼ਬਰ ਹੈ। ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਸੰਸ਼ੋਧਿਤ ਦਿਸ਼ਾ-ਨਿਰਦੇਸ਼, ਜੋ ਕਿ 25 ਅਕਤੂਬਰ ਤੋਂ ਲਾਗੂ ਹੋਣਗੇ, ਦੇ ਲਈ ਆਰਟੀ-ਪੀਸੀਆਰ ਦੀ ਰਿਪੋਰਟ ਹੋਣੀ ਲਾਜ਼ਮੀ ਹੈ। ਭਾਰਤ ਸਰਕਾਰ ਨੇ ਇਹ ਤਬਦੀਲੀ ਅਜਿਹੇ ਸਮੇਂ ਵਿਚ ਕੀਤੀ ਹੈ ਜਦੋਂ ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ ਘੱਟ ਰਹੇ ਹਨ ਅਤੇ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਵਾਇਰਸ ਦੇ ਬਦਲਦੇ ਰੂਪ 'ਤੇ ਲਗਾਤਾਰ ਫੋਕਸ ਰੱਖਣ ਦੀ ਲੋੜ ਹੈ।

ਭਾਰਤ ਸਰਕਾਰ ਨੇ ਇਸ ਤੋਂ ਪਹਿਲਾਂ 17 ਫਰਵਰੀ ਨੂੰ ਵਰਤਮਾਨ ਗਾਈਡਲਾਈਨਜ਼ ਨੂੰ ਜਾਰੀ ਕੀਤਾ ਸੀ। ਹੁਣ ਸਰਕਾਰ ਨੇ ਕੋਰੋਨਾ ਦੇ ਮਾਮਲੇ ਘੱਟ ਹੋਣ ਕਾਰਨ ਇਸ ਦੀ ਸਮੀਖਿਆ ਕੀਤੀ ਹੈ। ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਸੋਧੇ ਗਏ ਪ੍ਰੋਟੋਕਾਲ ਨੂੰ ਯਾਤਰੀਆਂ ਅਤੇ ਏਅਰਲਾਈਨ ਕੰਪਨੀਆਂ ਨੂੰ ਦੇਸ਼ ਵਿਚ ਦਾਖਲ ਹੋਣ ਸਮੇਂ ਮੰਨਣਾ ਹੋਵੇਗਾ। ਆਦੇਸ਼ ਮੁਤਾਬਕ ਸਾਰੇ ਯਾਤਰੀਆਂ ਨੂੰ ਇਕ ਸਵੈ ਘੋਸ਼ਿਤ ਫਾਰਮ ਨੂੰ ਭਰ ਕੇ ਆਨਲਾਈਨ ਏਅਰ ਸਹੂਲਤ ਪੋਰਟਲ 'ਤੇ ਆਪਣੀ ਯਾਤਰਾ ਤੋਂ ਠੀਕ ਪਹਿਲਾਂ ਅਪਲੋਡ ਕਰਨਾ ਹੋਵੇਗਾ।

ਗੜਬੜੀ ਕਰਨ ਵਾਲਿਆਂ 'ਤੇ ਹੋਵੇਗੀ ਅਪਰਾਧਿਕ ਕਾਰਵਾਈ
ਇਸ ਦੇ ਇਲਾਵਾ ਕੋਰੋਨਾ ਦੀ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ (ਰਵਾਨਗੀ ਤੋਂ 72 ਘੰਟੇ ਦੇ ਅੰਦਰ) ਅਤੇ ਰਿਪੋਰਟ ਦੀ ਪ੍ਰਮਾਣਿਕਤਾ ਨਾਲ ਸਬੰਧਤ ਘੋਸ਼ਣਾ ਪੱਤਰ ਨੂੰ ਭਰ ਕੇ ਦੇਣਾ ਹੋਵੇਗਾ। ਇਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਯਾਤਰੀਆਂ ਨੇ ਰਿਪੋਰਟ ਵਿਚ ਗੜਬੜੀ ਕੀਤੀ ਤਾਂ ਉਹਨਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਇਸ ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਪੋਰਟਲ 'ਤੇ ਹੀ ਅੰਡਰਟੇਕਿੰਗ ਦੇਣੀ ਹੋਵੇਗੀ ਮਤਲਬ ਜੇਕਰ ਲੋੜ ਪਈ ਤਾਂ ਉਹ ਹੋਮ ਕੁਆਰੰਟੀਨ ਰਹਿਣਗੇ ਜਾਂ ਖੁਦ ਹੀ ਸਿਹਤ ਸੰਬੰਧੀ ਨਿਗਰਾਨੀ ਕਰਨਗੇ।

ਪੜ੍ਹੋ ਇਹ ਅਹਿਮ ਖਬਰ -ਇਸ ਦੇਸ਼ 'ਚ ਪਹਿਲੀ ਵਾਰ ਇਕੱਠੀਆਂ 100 ਔਰਤਾਂ ਬਣੀਆਂ 'ਜੱਜ' 

ਇਸ ਆਦੇਸ਼ ਵਿਚ ਕੁਝ ਦੇਸ਼ਾਂ ਲਈ ਵਾਧੂ ਕਦਮ ਵੀ ਚੁੱਕੇ ਗਏ ਹਨ ਜਿੱਥੇ ਕੋਰੋਨਾ ਦਾ ਪ੍ਰਸਾਰ ਤੇਜ਼ ਹੈ। ਇਹਨਾਂ ਦੇਸ਼ਾਂ ਦੇ ਬਾਰੇ ਜਾਣਕਾਰੀ ਭਾਰਤ ਦੇ ਸਿਹਤ ਮੰਤਰਾਲੇ ਜਾਂ ਵਿਦੇਸ਼ ਮੰਤਰਾਲੇ ਜਾਂ ਏਅਰ ਸਹੂਲਤ ਪੋਰਟਲ ਤੋਂ ਹਾਸਲ ਕੀਤੀ ਜਾ ਸਕਦੀ ਹੈ। ਜਿਹੜੇ ਦੇਸ਼ ਭਾਰਤ ਦੇ ਨਾਗਰਿਕਾਂ ਨੂੰ ਕੁਆਰੰਟੀਨ ਮੁਕਤ ਦਾਖਲ ਹੋਣ ਦੀ ਇਜਾਜ਼ਤ ਦਿੰਦੇ ਹਨ ਉੱਥੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਛੋਟ ਦਿੱਤੀ ਜਾਵੇਗੀ। ਇਹਨਾਂ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਰੋਗਯ ਸੇਤੁ ਐਪ ਨੂੰ ਆਪਣੇ ਮੋਬਾਇਲ ਵਿਚ ਜ਼ਰੂਰ ਡਾਊਨਲੋਡ ਕਰਨ। 

ਭਾਰਤ ਨੇ ਇਨ੍ਹਾਂ 11 ਦੇਸ਼ਾਂ ਨਾਲ ਸਮਝੌਤੇ 'ਤੇ ਕੀਤੇ ਦਸਤਖ਼ਤ 
ਮੰਤਰਾਲੇ ਮੁਤਾਬਕ, ਭਾਰਤ ਨੇ ਕੋਵਿਡ-19 ਟੀਕਿਆਂ ਦੀ ਆਪਸੀ ਮਾਨਤਾ ਲਈ ਕੌਮੀ ਪੱਧਰ ਜਾਂ WHO ਦੁਆਰਾ ਮਾਨਤਾ ਪ੍ਰਾਪਤ ਕਰਨ ਲਈ 11 ਦੇਸ਼ਾਂ ਬ੍ਰਿਟੇਨ, ਫਰਾਂਸ, ਜਰਮਨੀ, ਨੇਪਾਲ, ਬੇਲਾਰੂਸ, ਲੇਬਨਾਨ, ਅਰਮੀਨੀਆ, ਯੂਕਰੇਨ, ਬੈਲਜੀਅਮ, ਹੰਗਰੀ ਅਤੇ ਸਰਬੀਆ ਨਾਲ ਸਮਝੌਤੇ ਕੀਤੇ ਹਨ। 

ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਜਿਨ੍ਹਾਂ ਨੂੰ ਟੀਕੇ ਦੀਆਂ ਸਾਰੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ਅਤੇ ਕੋਵਿਡ -19 ਟੀਕਾਕਰਣ ਦੇ ਮੁਕੰਮਲ ਹੋਣ ਤੋਂ 15 ਦਿਨ ਬੀਤ ਗਏ ਹਨ, ਨੂੰ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹੁੰਚਣ ਦੇ 14 ਦਿਨਾਂ ਦੇ ਅੰਦਰ-ਅੰਦਰ, ਹਵਾਈ ਅੱਡੇ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ। 

ਨੋਟ - ਭਾਰਤ ਸਰਕਾਰ ਵਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ 'ਤੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana