ਅੱਤਵਾਦੀਆਂ ਦੀ ਭਰਤੀ ਲਈ ਵਟਸਐਪ ਦੀ ਹੋ ਰਹੀ ਦੁਰਵਰਤੋਂ, ਭਾਰਤ ਸਰਕਾਰ ਚਿੰਤਤ

11/02/2019 9:26:42 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਵਿਦੇਸ਼ ਵਿਭਾਗ ਵਲੋਂ ਇਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿਚ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਵਟਸਐਪ ਰਾਹੀਂ ਅੱਤਵਾਦੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਅਤੇ ਵਟਸਐਪ ਮੈਸੇਜਿੰਗ ਐਪ ਰਾਹੀਂ ਅੱਤਵਾਦੀ ਭੋਲੇ-ਭਾਲੇ ਲੋਕਾਂ ਨੂੰ ਕੱਟੜ ਬਣਾਉਣ ਲਈ ਇਸਤੇਮਾਲ ਕਰ ਰਹੇ ਹਨ। ਅਮਰੀਕੀ ਵਿਦੇਸ਼ ਵਿਭਾਗ ਵਲੋਂ ਇਹ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ, ਜਿਸ ਵਿਚ ਵਟਸਐਪ ਰਾਹੀਂ ਜਾਸੂਸੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ 2018 ਲਈ ਅੱਤਵਾਦ ਦਾ ਜ਼ਿਕਰ ਹੈ। ਰਿਪੋਰਟ ਵਿਚ ਭਾਰਤ ਸਬੰਧੀ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀ ਇੰਟਰਨੈੱਟ ਦੀ ਵਰਤੋਂ ਨੂੰ ਲੈ ਕੇ ਲਗਾਤਾਰ ਚਿੰਤਤ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਗ੍ਰਹਿ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਅੱਤਵਾਦੀਆਂ ਦੀ ਆਨਲਾਈਨ ਭਰਤੀ ਅਤੇ ਕੱਟੜ ਬਨਾਉਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਸੰਸਾਰਕ ਸੋਸ਼ਲ ਮੀਡੀਆ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਫੇਸਬੁੱਕ ਅਤੇ ਵਟਸਐਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਸੰਸਾਰਕ ਪੱਧਰ 'ਤੇ ਇਜ਼ਰਾਇਲ ਜਾਸੂਸੀ ਸਾਫਟਵੇਅਰ ਪੇਗਾਸਸ ਤੋਂ ਜਿਨ੍ਹਾਂ ਦੀ ਜਾਸੂਸੀ ਕੀਤੀ ਗਈ ਉਨ੍ਹਾਂ ਵਿਚ ਭਾਰਤੀ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਵੀ ਸ਼ਾਮਲ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਦੱਖਣੀ ਭਾਰਤ ਵਿਚ ਆਨਲਾਈਨ ਅੱਤਵਾਦੀਆਂ ਨੂੰ ਕੱਟੜ ਬਣਾਉਣ ਦੀਆਂ ਖਬਰਾਂ ਪੂਰਾ ਸਾਲ ਆਉਂਦੀਆਂ ਰਹੀਆਂ। ਅਜਿਹੀ ਵੀ ਖਬਰ ਹੈ ਕਿ ਅੱਤਵਾਦੀ ਸੰਗਠਨਾਂ ਵਿਚ ਭਰਤੀ ਕੁਝ ਨੌਜਵਾਨ ਅਫਗਾਨਿਸਤਾਨ ਸਥਿਤ ਇਸਲਾਮਿਕ ਸਟੇਟ ਲਈ ਭੇਜੇ ਗਏ।

ਰਿਪੋਰਟ ਮੁਤਾਬਕ ਭਾਰਤ ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ, ਜਨਜਾਤੀ ਅਤੇ ਮਾਓਵਾਦੀ ਅੱਤਵਾਦੀਆਂ ਦੇ ਹਮਲੇ ਜਾਰੀ ਰਹਿਣਗੇ। ਸਾਲ 2018 ਵਿਚ ਅੱਤਵਾਦ ਨਾਲ ਸਭ ਤੋਂ ਜ਼ਿਆਦਾ ਜੰਮੂ-ਕਸ਼ਮੀਰ ਪ੍ਰਭਾਵਿਤ ਰਿਹਾ ਜਦੋਂ ਕਿ ਪੂਰਬੀ ਉੱਤਰ ਦੇ ਸੂਬੇ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ ਮਾਓਵਾਦੀ ਸਰਗਰਮ ਰਹੇ। ਭਾਰਤ ਆਪਣੀ ਸਰਹੱਦ ਵਿਚ ਅੱਤਵਾਦੀ ਸੰਗਠਨਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਖਾਤਮਾ ਕਰਕੇ ਦਬਾਅ ਬਣਾਈ ਰੱਖੇਗਾ। ਰਿਪੋਰਟ ਮੁਤਾਬਕ ਭਾਰਤੀ ਅਗਵਾਈ ਨੇ ਅਮਰੀਕਾ ਅਤੇ ਹੋਰ ਸਾਮਾਨ ਵਿਚਾਰ ਵਾਲੇ ਦੇਸ਼ਾਂ ਦੇ ਨਾਲ ਮਿਲ ਕੇ ਅੱਤਵਾਦੀਆਂ ਦੇ ਹਮਲਿਆਂ ਨੂੰ ਰੋਕਣ ਅਤੇ ਦੋਸ਼ੀਆੰ ਨੂੰ ਇਨਸਾਫ ਦੇ ਕਟਹਿਰੇ ਵਿਚ ਲਿਆਉਣ ਦੀ ਇੱਛਾ ਜਤਾਈ ਹੈ।


Sunny Mehra

Content Editor

Related News