ਕੈਨੇਡਾ ਸਰਕਾਰ ਦਾ ਵੱਡਾ ਐਲਾਨ, ਨੈਨੀਜ਼ ਨੂੰ ਮਿਲੇਗਾ ਓਪਨ ਵਰਕ ਪਰਮਿਟ

03/24/2019 11:29:19 PM

ਟੋਰਾਂਟੋ (ਏਜੰਸੀ)- ਕੈਨੇਡਾ ਸਰਕਾਰ ਨੇ ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ, ਜੋ ਬੀਤੀ 4 ਮਾਰਚ ਨੂੰ ਸ਼ੁਰੂ ਕੀਤੇ ਪਾਇਲਟ ਪ੍ਰੋਗਰਾਮ ਤਹਿਤ ਯੋਗ ਹੋਣਗੇ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ 21 ਮਾਰਚ ਨੂੰ ਜਾਰੀ ਤਾਜ਼ਾ ਹਦਾਇਤਾਂ ਤਹਿਤ ਕੈਨੇਡਾ ਦੀ ਪੀ.ਆਰ. ਲਈ ਅਰਜ਼ੀ ਦਾਖ਼ਲ ਕਰਨ ਵੇਲੇ ਨੈਨੀਜ਼ ਦੁਆਰਾ ਓਪਨ ਵਰਕ ਪਰਮਿਟ ਦੀ ਅਰਜ਼ੀ ਵੀ ਦਾਇਰ ਕੀਤੀ ਜਾ ਸਕੇਗੀ। ਇੰਮੀਗ੍ਰੇਸ਼ਨ ਵਿਭਾਗ ਨੇ ਅੱਗੇ ਕਿਹਾ ਕਿ ਵਰਕ ਪਰਮਿਟ ਵਾਲੀ ਅਰਜ਼ੀ ਦੀ ਪ੍ਰੋਸੈਸਿੰਗ ਉਸ ਵੇਲੇ ਹੀ ਸ਼ੁਰੂ ਕੀਤੀ ਜਾਵੇਗੀ, ਜਦੋਂ ਸਬੰਧਤ ਉਮੀਦਵਾਰ ਪੀ.ਆਰ. ਦੀ ਯੋਗਤਾ ਵਾਲੇ ਟੈਸਟ ਨੂੰ ਪਾਸ ਕਰ ਲੈਣਗੇ। ਓਪਨ ਵਰਕ ਪਰਮਿਟ ਲਈ ਜ਼ਰੂਰੀ ਸ਼ਰਤਾਂ ਅਧੀਨ ਉਮੀਦਵਾਰ ਕੈਨੇਡਾ ਵਿਚ ਕੰਮ ਕਰਨ ਵਾਸਤੇ ਅਧਿਕਾਰਤ ਹੋਣਾ ਚਾਹੀਦਾ ਹੈ।

ਵਰਕ ਪਰਮਿਟ ਨਵਿਆਉਣ ਲਈ ਅਰਜ਼ੀ ਦਾਖ਼ਲ ਕੀਤੀ ਹੋਣ ਦੀ ਸੂਰਤ ਵਿਚ ਉਹ ਬਗ਼ੈਰ ਵਰਕ ਪਰਮਿਟ ਤੋਂ ਕੰਮ ਕਰਨ ਲਈ ਅਧਿਕਾਰਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੈਨੀਜ਼ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਉਪਰ ਨਿਰਭਰ ਪਰਿਵਾਰਕ ਮੈਂਬਰ ਵੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਖ਼ਲ ਕਰ ਸਕਦੇ ਹਨ। ਯਾਦ ਰਹੇ ਕਿ ਕੈਨੇਡਾ ਵਿਚ ਵਿਦੇਸ਼ੀ ਨੈਨੀਆਂ ਭਾਵ ਕੇਅਰਗਿਵਰਜ਼ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਫ਼ੈਡਰਲ ਸਰਕਾਰ ਨੇ ਬੀਤੀ 4 ਮਾਰਚ ਨੂੰ ਦੋ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਸਨ, ਜਿਨ੍ਹਾਂ ਤਹਿਤ ਕੇਅਰਗਿਵਰਜ਼ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਸਕਦੀਆਂ ਹਨ ਅਤੇ ਦੋ ਸਾਲ ਦੇ ਤਜ਼ਰਬੇ ਮਗਰੋਂ ਉਨ੍ਹਾਂ ਨੂੰ ਤੁਰੰਤ ਪੀ.ਆਰ. ਮਿਲ ਜਾਵੇਗੀ। 4 ਮਾਰਚ ਤੋਂ 4 ਜੂਨ ਤੱਕ ਵਿਸ਼ੇਸ਼ ਯੋਜਨਾ ਤਹਿਤ ਉਨ੍ਹਾਂ ਕੇਅਰਗਿਵਰਜ਼ ਨੂੰ ਪੀ.ਆਰ. ਲਈ ਅਰਜ਼ੀ ਦਾਖ਼ਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜੋ ਘੱਟੋ-ਘੱਟ ਇਕ ਸਾਲ ਤੋਂ ਕੈਨੇਡਾ ਵਿਚ ਹਨ ਅਤੇ ਕਾਨੂੰਨੀ ਤੌਰ 'ਤੇ ਕੰਮ ਕਰ ਰਹੀਆਂ ਹਨ। ਬਸ਼ਰਤੇ ਉਨ੍ਹਾਂ ਨੇ ਅੰਗਰੇਜ਼ੀ ਜਾਂ ਫ਼ਰੈਂਚ ਵਿਚ ਮੁਹਾਰਤ ਵਾਲਾ ਟੈਸਟ ਸਫ਼ਲਤਾ ਨਾਲ ਮੁਕੰਮਲ ਕੀਤਾ ਹੋਵੇ ਅਤੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਵਿੱਦਿਅਕ ਯੋਗਤਾ ਵੀ ਹੋਵੇ।

Sunny Mehra

This news is Content Editor Sunny Mehra