ਇਥੇ ਬੱਚੇ ਦੇ ਜਨਮ ''ਤੇ ਸਰਕਾਰ ਦੇ ਰਹੀ ਹੈ ''ਬੇਬੀ ਬੋਨਸ''

02/05/2020 8:12:50 PM

ਐਥੇਂਸ (ਏਜੰਸੀ)- ਗ੍ਰੀਸ 'ਚ ਘੱਟਦੀ ਆਬਾਦੀ ਇਕ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਸ ਦੇ ਹਲ ਲਈ ਸਰਕਾਰਾਂ ਵਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਐਲਾਨੀਆਂ ਜਾ ਰਹੀਆਂ ਹਨ ਤਾਂ ਜੋ ਆਬਾਦੀ ਦੀ ਇਸ ਗੰਭੀਰ ਸਮੱਸਿਆ ਨੂੰ ਨੱਥ ਪਾਈ ਜਾ ਸਕੇ। ਇਸ ਦੇ ਲਈ ਸਰਕਾਰ ਨੇ ਦੇਸ਼ ਵਿਚ 'ਬੇਬੀ ਬੋਨਸ' ਯੋਜਨਾ ਸ਼ੁਰੂ ਕੀਤੀ ਹੈ। ਇਸ ਸਾਲ ਯੋਜਨਾ ਦਾ ਪਹਿਲਾ ਲਾਭ ਮਾਰੀਆ ਪਰਦਲਾਕਿਸ ਨੂੰ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਮਿਲਿਆ। ਮਾਰੀਆ ਦੇ ਪਤੀ ਕ੍ਰਿਸਟੋਸ ਨੇ ਦੱਸਿਆ, ਇਸ ਸਾਲ ਦੀ ਸ਼ੁਰੂਆਤ ਵਿਚ ਮਾਰੀਆ ਨੇ ਕ੍ਰੇਤ ਸਥਿਤ ਇਕ ਹਸਪਤਾਲ ਵਿਚ ਅੱਧੀ ਰਾਤ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਨਵੇਂ ਸਾਲ 'ਤੇ ਸਾਨੂੰ ਦੋਹਾਂ ਨੂੰ ਪੁੱਤਰ ਦੇ ਰੂਪ ਵਿਚ ਸਭ ਤੋਂ ਵੱਡਾ ਤੋਹਫਾ ਮਿਲਿਆ ਹੈ। ਇਸ ਦੇ ਨਾਲ 'ਬੇਬੀ ਬੋਨਸ' ਮਿਲਣ ਦੀ ਖੁਸ਼ੀ ਵੀ ਡਬਲ ਹੋ ਗਈ। ਇਹ ਬੋਨਸ ਨਾ ਸਿਰਫ ਮੇਰੇ ਲਈ ਸਗੋਂ ਹੋਰਨਾਂ ਪਰਿਵਾਰਾਂ ਲਈ ਵੀ ਬਹੁਤ ਵਧੀਆ ਹੈ।

ਸਰਕਾਰ ਨੇ ਬੇਬੀ ਬੋਨਸ ਲਈ 1400 ਕਰੋੜ ਰੁਪਏ (1800 ਲੱਖ ਯੂਰੋ) ਦਾ ਬਜਟ ਤੈਅ ਕੀਤਾ ਹੈ। ਯੋਜਨਾ ਤਹਿਤ ਜਨਮ ਦਰ ਵਧਾਉਣ ਲਈ ਜੋੜਿਆਂ ਨੂੰ 2000 ਯੂਰੋ (1.58 ਲੱਖ ਰੁਪਏ) ਦਾ ਬੋਨਸ ਦਿੱਤਾ ਜਾਵੇਗਾ। ਯੂਨਾਈਟਿਡ ਨੇਸ਼ਨਸ ਦੇ ਅੰਕੜਿਆਂ ਮੁਤਾਬਕ ਅਜੇ ਗ੍ਰੀਸ ਦੀ ਆਬਾਦੀ 1.07 ਕਰੋੜ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਜੇਕਰ ਗ੍ਰੀਸ ਵਿਚ ਜਨਮ ਦਰ ਨਹੀਂ ਵਧੀ ਤਾਂ ਆਉਣ ਵਾਲੇ 30 ਸਾਲਾਂ ਵਿਚ ਉਸ ਦੀ ਆਬਾਦੀ ਇਕ ਤਿਹਾਈ (33 ਫੀਸਦੀ) ਤੱਕ ਘੱਟ ਜਾਵੇਗੀ।

'ਬੇਬੀ ਬੋਨਸ' ਜ਼ਰੀਏ ਦੇਸ਼ ਨੂੰ ਬਚਾਉਣ ਦਾ ਮੌਕਾ
ਕੈਂਬ੍ਰਿਜ ਯੂਨੀਵਰਸਿਟੀ ਦੇ ਸਾਬਕਾ ਅਕੈਡਮਿਕ ਅਤੇ ਲੇਬਰ-ਸਮਾਜਿਕ ਮਾਮਲਿਆਂ ਦੇ ਉਪ ਮੰਤਰੀ, ਡੋਮਨ ਮਾਈਕੇਲਹਾਈਡੋ ਨੇ ਦੱਸਿਆ ਕਿ ਲੋਕ ਸੋਚ ਸਕਦੇ ਹਨ ਕਿ ਇਹ ਰਾਸ਼ਟਰੀ ਮਾਣ ਦਾ ਮੁੱਦਾ ਹੈ ਪਰ ਇਹ ਅਸਲ ਵਿਚ ਦੇਸ਼ ਨੂੰ ਬਚਾਉਣ ਵਾਲਾ ਕਦਮ ਹੋਵੇਗਾ। ਨੌਜਵਾਨਾਂ ਨੂੰ ਆਪਣੀ ਉਮਰ ਵਧਾਉਣ ਤੋਂ ਪਹਿਲਾਂ ਬੱਚੇ ਪੈਦਾ ਕਰਨ ਦੀ ਦਰ ਵਧਾਉਣੀ ਹੋਵੇਗੀ। ਇਹ ਆਰਥਿਕ ਤਰੱਕੀ ਦੀ ਪਹਿਲੀ ਲੋੜ ਹੈ। ਜੇਕਰ ਅਜਿਹਾ ਨਹੀਂ ਕਰ ਸਕੇ ਤਾਂ ਸਾਨੂੰ ਪ੍ਰੇਸ਼ਾਨੀਆਂ ਨਾਲ ਜੂਝਣਾ ਪਵੇਗਾ। ਘੱਟਦੀ ਆਬਾਦੀ ਤੋਂ ਸਿਰਫ ਇਕੱਲਾ ਗ੍ਰੀਸ ਹੀ ਪ੍ਰੇਸ਼ਾਨ ਨਹੀਂ ਹੈ, ਸਗੋਂ ਸਪੇਨ, ਇਟਲੀ, ਫਿਨਲੈਂਡ ਅਤੇ ਸਾਈਪ੍ਰਸ ਵੀ ਇਸ ਨਾਲ ਜੂਝ ਰਹੇ ਹਨ।

Sunny Mehra

This news is Content Editor Sunny Mehra