ਆਕਸਫੋਰਡ ਯੂਨੀਵਰਸਿਟੀ 'ਚ ਕੋਰੋਨਾ ਵੈਕਸੀਨ ਦੇ ਟ੍ਰਾਇਲ 'ਚ ਮਿਲੇ 'ਚੰਗੇ ਸੰਕੇਤ'

07/02/2020 12:33:21 AM

ਲੰਡਨ - ਬਿ੍ਰਟੇਨ ਵਿਚ ਇਕ ਸੰਸਦੀ ਸੁਣਵਾਈ ਦੌਰਾਨ ਸਰਕਾਰੀ ਕਮੇਟੀ ਨੂੰ ਦੱਸਿਆ ਗਿਆ ਹੈ ਕਿ ਆਕਸਫੋਰਡ ਯੂਨੀਵਰਸਿਟੀ ਵਿਚ ਸੰਭਾਵਿਤ ਕੋਵਿਡ-19 ਵੈਕਸੀਨ ਦੇ ਟ੍ਰਾਇਲ ਤੋਂ ਸਕਾਰਾਤਮਕ ਨਤੀਜੇ ਮਿਲੇ ਹਨ। ਇਹ ਟ੍ਰਾਇਲ ਹੁਣ ਕਲੀਨਿਕਲ ਸਟੇਜ ਦੇ ਤੀਜੇ ਪੜਾਅ ਵਿਚ ਪਹੁੰਚ ਗਏ ਹਨ। ਆਕਸਫੋਰਡ ਯੂਨੀਵਰਸਿਟੀ ਵਿਚ ਵੈਕਸੀਨਾਲਜ਼ੀ ਦੀ ਪ੍ਰੈਫੋਸਰ ਸਾਰਾ ਗਿਲੀਬਰਟ ਨੇ ਸਰਕਾਰੀ ਕਮੇਟੀ ਨੂੰ ਦੱਸਿਆ ਕਿ ਟ੍ਰਾਇਲ ਦੇ ਅਗਲੇ ਪੜਾਅ ਲਈ 8 ਹਜ਼ਾਰ ਵਲੰਟੀਅਰਸ ਦੀ ਰਜਿਸਟ੍ਰੇਸ਼ਨ ਹੋਈ ਹੈ।

ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਵੈਕਸੀਨ ਕਦੋਂ ਤੱਕ ਤਿਆਰ ਹੋਵੇਗਾ ਕਿਉਂਕਿ ਇਸ ਦਾ ਭਵਿੱਖ ਟ੍ਰਾਇਲ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ। ਉਥੇ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਮੁਤਾਬਕ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ 'ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਡਬਲਯੂ. ਐਚ. ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਉਹ ਜਿਸ ਪੜਾਅ 'ਤੇ ਹਨ ਅਤੇ ਜਿੰਨੇ ਐਡਵਾਂਸਡ ਹਨ, ਮੈਨੂੰ ਲੱਗਦਾ ਹੈ ਉਹ ਸਭ ਤੋਂ ਅੱਗੇ ਨਿਕਲ ਰਹੇ ਹਨ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ. ਐਲ. ਸੀ. (AstraZeneca Plc.) ਦੀ ਵੈਕਸੀਨ ChAdOx1 nCov-19 ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ। ਇਸ ਪੜਾਅ ਵਿਚ ਪਹੁੰਚਣ ਵਾਲੀ ਦੁਨੀਆ ਦੀ ਇਸ ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਦਾ ਟ੍ਰਾਇਲ ਬਿ੍ਰਟੇਨ, ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਵੀ ਹੋ ਰਿਹਾ ਹੈ।

Khushdeep Jassi

This news is Content Editor Khushdeep Jassi