ਗਲਾਸਗੋ: ਡੋਰਜ਼ ਓਪਨ ਡੇਅਜ਼ ਫੈਸਟੀਵਲ ਦੌਰਾਨ ਸੈਂਕੜੇ ਸੈਲਾਨੀ ਪਹੁੰਚੇ ਗੁਰਦੁਆਰਾ ਸਾਹਿਬ

09/19/2022 1:49:11 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਰਾਸਤੀ ਇਮਾਰਤਾਂ ਅਤੇ ਕੁਦਰਤੀ ਸੁਹੱਪਣ ਕਰਕੇ ਵਿਸ਼ਵ ਪ੍ਰਸਿੱਧ ਹੈ। ਇੱਥੋਂ ਦੀਆਂ ਦਰਸ਼ਨੀ ਇਮਾਰਤਾਂ ਹਰ ਕਿਸੇ ਦਾ ਮਨ ਮੋਹਦੀਆਂ ਹਨ। ਹਰ ਵਰ੍ਹੇ ਗਲਾਸਗੋ ਡੋਰਜ਼ ਓਪਨ ਡੇਅਜ਼ ਫੈਸਟੀਵਲ 12 ਤੋਂ 18 ਸਤੰਬਰ ਤੱਕ ਮਨਾਇਆ ਜਾਂਦਾ ਹੈ। ਇਹਨਾਂ 6 ਦਿਨਾਂ ਵਿੱਚ 100 ਦੇ ਲਗਭਗ ਇਤਿਹਾਸਕ ਇਮਾਰਤਾਂ, ਥੀਏਟਰਜ਼, ਮਿਊਜ਼ੀਅਮ, ਫ਼ੈਕਟਰੀਆਂ, ਸਟੂਡੀਓਜ਼, ਸ਼ਰਾਬ ਦੇ ਕਾਰਖਾਨੇ ਅਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਆਮ ਲੋਕਾਂ ਦੇ ਦੇਖਣ ਲਈ ਖੁੱਲ੍ਹੀਆਂ ਰੱਖੀਆਂ ਜਾਂਦੀਆਂ ਹਨ। ਇਹਨਾਂ ਦਿਨਾਂ ਵਿੱਚ ਹੀ ਵੱਖ-ਵੱਖ ਭਾਈਚਾਰਿਆਂ, ਖ਼ਿੱਤਿਆਂ, ਮੁਲਕਾਂ ਤੋਂ ਆਏੇ ਲੋਕ ਵੀ ਤੁਰ ਫਿਰ ਕੇ ਗਲਾਸਗੋ ਦੀ ਅਮੀਰ ਵਿਰਾਸਤ ਨੂੰ ਨੇੜਿਓਂ ਦੇਖਦੇ ਹਨ।

ਇਹਨਾਂ ਇਮਾਰਤਾਂ ਵਿੱਚ ਗਲਾਸਗੋ ਦੇ ਗੁਰਦੁਆਰਾ ਸਾਹਿਬਾਨ ਵੀ ਸ਼ਾਮਲ ਹੋ ਚੁੱਕੇ ਹਨ, ਜਿਸ ਤਹਿਤ ਸੈਂਕੜਿਆਂ ਦੀ ਤਾਦਾਦ ਵਿੱਚ ਸੈਲਾਨੀ ਗੁਰੂਘਰ ਪਹੁੰਚ ਕੇ ਜਾਣਕਾਰੀ ਹਾਸਲ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਵੀ ਵੱਖ-ਵੱਖ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੇ ਪਹੁੰਚ ਕਰਕੇ ਸਿੱਖ ਧਰਮ, ਸਿੱਖ ਇਤਿਹਾਸ, ਲੰਗਰ ਪ੍ਰਥਾ ਸਮੇਤ ਹੋਰ ਵੀ ਅਨੇਕਾਂ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਸਮਰਾ ਨੇ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ, ਭੁਝੰਗੀ ਸਿੰਘ ਸਿੰਘਣੀਆਂ ਅਤੇ ਮਾਪਿਆਂ ਦਾ ਹਾਰਦਿਕ ਧੰਨਵਾਦ ਕੀਤਾ, ਜਿਹਨਾਂ ਦੀ ਅਣਥੱਕ ਮਿਹਨਤ ਨਾਲ ਮਹਿਮਾਨ ਸੈਲਾਨੀਆਂ ਨੂੰ ਨਿਰੰਤਰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਰਹੀ।

cherry

This news is Content Editor cherry