ਗਲਾਸਗੋ ਵਿਖੇ ਪੰਜਾਬੀ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਵੰਡੇ ਗਏ 550 ਕੰਬਲ

12/31/2019 5:25:58 PM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਨੇ ਪੂਰਾ ਸਾਲ ਜੋਸ਼ੋ-ਖਰੋਸ਼ ਨਾਲ ਮਨਾਇਆ ਹੈ। ਸਾਲ 2019 ਦੇ ਆਖਰੀ ਦਿਨ ਨੂੰ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਅਧੀਨ ਚੱਲਦੇ ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਬੇਘਰੇ ਤੇ ਲੋੜਵੰਦ ਲੋਕਾਂ ਨੂੰ 550 ਕੰਬਲ ਵੰਡ ਕੇ ਯਾਦਗਾਰੀ ਬਣਾਇਆ। ਜ਼ਿਕਰਯੋਗ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਚੇਤਨਾ ਦੀ ਚਿਣਗ ਜਗਾਉਣ ਉਪਰੰਤ ਬੱਚਿਆਂ ਨੇ ਘਰੇਲੂ ਕੰਮਾਂ ਵਿੱਚ ਹੱਥ ਵਟਾ ਕੇ ਜਾਂ ਆਪਣੇ ਜੇਬ ਖਰਚੇ ਵਿੱਚੋਂ ਰਾਸ਼ੀ ਇਕੱਠੀ ਕਰਕੇ 550 ਕੰਬਲ ਖਰੀਦਣ ਦੇ ਕਾਰਜ ਨੂੰ ਨੇਪਰੇ ਚਾੜ੍ਹਿਆ। 

ਗੁਰਦੁਆਰਾ ਕਮੇਟੀ, ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਸੇਵਾ ਸਕਾਰਟਲੈਂਡ ਸੰਸਥਾ ਸਮੇਤ ਸੰਗਤਾਂ ਦੇ ਸਹਿਯੋਗ ਨਾਲ ਕੰਬਲਾਂ ਦੀ ਪਹਿਲੀ ਖੇਪ ਕੈਡਾਗਨ ਸਟਰੀਟ ਗਲਾਸਗੋ ਵਿਖੇ ਵੰਡ ਕੇ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ ਤੇ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਬੱਚਿਆਂ ਵੱਲੋਂ ਕੀਤੇ ਵਿਸ਼ੇਸ਼ ਉੱਦਮ ਦੀ ਪੁਰਜ਼ੋਰ ਸ਼ਲਾਘਾ ਕੀਤੀ।

Vandana

This news is Content Editor Vandana