ਸਿਡਨੀ 'ਚ ਸੜਕ ਹਾਦਸੇ 'ਚ ਜ਼ਖਮੀ ਹੋਈ ਲੜਕੀ, ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ

05/18/2018 2:39:23 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਲੜਕੀ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਮੁਤਾਬਕ ਗੰਭੀਰ ਰੂਪ ਨਾਲ ਜ਼ਖਮੀ ਲੜਕੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਲੜਕੀ ਨਿਊ ਸਾਊਥ ਵੇਲਜ਼ ਦੇ ਵੁੱਡਵਿਲੇ ਰੋਡ ਨੂੰ ਪਾਰ ਕਰ ਰਹੀ ਸੀ ਕਿ ਉਸ ਨੂੰ ਇਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਹਾਦਸਾ ਵੀਰਵਾਰ ਦੀ ਰਾਤ ਤਕਰੀਬਨ 9.30 ਵਜੇ ਵਾਪਰਿਆ। ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ। 


ਦੱਸਿਆ ਜਾ ਰਿਹਾ ਹੈ ਕਿ 20 ਸਾਲਾ ਲੜਕੀ ਮੈਕਡੋਨਲਡਜ਼ ਦੇ ਰੈਸਟੋਰੈਂਟ ਗਈ ਸੀ ਅਤੇ ਰੋਡ ਪਾਰ ਕਰਨ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ। ਇਕ ਚਸ਼ਮਦੀਦ ਨੇ ਲੜਕੀ ਦੀ ਮਦਦ ਕੀਤੀ, ਟੱਕਰ ਤੋਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਈ। ਘਟਨਾ ਵਾਲੀ ਥਾਂ 'ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਦਾ ਇਲਾਜ ਕੀਤਾ ਅਤੇ ਇਸ ਤੋਂ ਬਾਅਦ ਤੁਰੰਤ ਉਸ ਨੂੰ ਲੀਵਰਪੂਲ ਹਸਪਤਾਲ  'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੇ ਦਿਮਾਗ 'ਤੇ ਡੂੰਘੀ ਸੱਟ ਲੱਗੀ ਅਤੇ ਖੂਨ ਵਹਿ ਰਿਹਾ ਸੀ। ਪੁਲਸ ਵਲੋਂ ਵੁੱਡਵਿਲੇ ਰੋਡ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ। ਸਵੇਰ ਤੱਕ ਪੁਲਸ ਵਜੋਂ ਜਾਂਚ ਕੀਤੀ ਗਈ। ਪੁਲਸ ਫਰਾਰ ਕਾਰ ਡਰਾਈਵਰ ਦੀ ਭਾਲ ਕਰ ਰਹੀ ਹੈ।