''ਆਸੀਸ'' ਪ੍ਰੋਗਰਾਮ ਦੌਰਾਨ ਫਰਿਜ਼ਨੋ ''ਚ ਲੱਗੀਆਂ ਰੌਣਕਾਂ, ਪੰਜਾਬਣਾਂ ਨੇ ਪਾਇਆ ਗਿੱਧਾ

05/21/2019 7:56:19 AM

ਫਰਿਜ਼ਨੋ (ਨੀਟਾ ਮਾਛੀਕੇ)—  ਅੱਜ ਦੇ ਸਮੇਂ ਅੰਦਰ ਵਿਦੇਸ਼ੀਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪਰਿਵਾਰ ਦਾ ਆਪਸੀ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਮੁਸ਼ਕਲ ਹੋ ਗਿਆ ਹੈ। ਖਾਸਕਰ ਬਹੁਤ ਔਰਤਾਂ ਘਰ ਬਾਹਰੀ ਕੰਮ-ਕਾਰ ਤੋਂ ਇਲਾਵਾ ਘਰ ਦੇ ਚੁੱਲੇ-ਚੌਂਕੇ ਤੱਕ ਸੀਮਤ ਹੋ ਗਈਆਂ ਹਨ। ਜਿਸ ਦਾ ਵਧੇਰੇ ਅਸਰ ਬਜ਼ੁਰਗ ਔਰਤਾਂ ਉੱਪਰ ਪਿਆ ਹੈ। ਉਨ੍ਹਾਂ ਦੀ ਪਰਿਵਾਰਾਂ ਨੂੰ ਬਹੁਤ ਦੇਣ ਹੈ। ਘਰ ਅੰਦਰ ਰਸੋਈ ਦੇ ਕੰਮ ਤੋਂ ਬੱਚੇ ਸੰਭਾਲਣ ਤੱਕ ਸਾਰਾ ਕੰਮ ਉਹ ਕਰਦੀਆਂ ਹਨ। ਉਨ੍ਹਾਂ ਦਾ ਹੀ ਆਸ਼ੀਰਵਾਦ ਹੈ ਕਿ ਪਰਿਵਾਰ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ।

 

ਇਹ ਪ੍ਰੋਗਰਾਮ ਸਿਰਫ ਔਰਤਾਂ ਲਈ ਹੀ ਸੀ। ਇਸੇ ਸਦਕਾ ਮੁਟਿਆਰਾਂ ਤੇ ਬਜ਼ੁਰਗ ਔਰਤਾਂ ਨੇ ਮਿਲਕੇ ਫਰਿਜ਼ਨੋ ਵਿਖੇ “ਆਸੀਸ” ਨਾਂ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਿਸ ਵਿੱਚ ਮਾਂਵਾਂ-ਧੀਆਂ, ਸੱਸਾ-ਨੂੰਹਾਂ, ਪੋਤੀਆਂ-ਦੋਹਤੀਆਂ ਆਦਿ ਸਭ ਰਲ ਇਕੱਠੀਆਂ ਹੋਈਆਂ ਅਤੇ ਆਪਸੀ ਰਲ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਸਿਆਣੀਆਂ ਹਾਜ਼ਰ ਬਜ਼ੁਰਗ ਔਰਤਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮਨੋਰੰਜਨ ਲਈ ਰਲ ਗਿੱਧਾ, ਬੋਲੀਆਂ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੋਇਆ। ਇਸ ਸਾਲ ਔਰਤਾਂ ਨੇ ਪੁਰਾਣੇ ਸਮੇਂ ਦੀਆਂ ਆਪਣੇ ਹੱਥੀ ਕਢਾਈ ਅਤੇ ਮੀਨਾਕਾਰੀ ਕੀਤੀਆਂ ਫੁੱਲਕਾਰੀਆਂ ਅਤੇ ਚਾਦਰਾਂ ਦੀ ਅਜ਼ਮਾਇਸ਼ ਵੀ ਕੀਤੀ। ਇਸੇ ਹੁਨਰ ਨੂੰ ਪ੍ਰਫੁਲਤ ਕਰਦੇ ਹੋਏ ਹੱਥੀ ਕਢਾਈ ਅਤੇ ਮੀਨਾਕਾਰੀ ਦੇ ਮੁਕਾਬਲੇ ਵੀ ਕਰਵਾਏ ਗਏ। ਆਪਣੀ ਖ਼ੂਬਸੂਰਤ ਗਾਇਕੀ ਰਾਹੀ ਪਰਮਜੀਤ ਧੰਜ਼ਲ 'ਪਿੰਕੀ' ਨੇ ਗੀਤਾਂ ਰਹੀ ਖੂਬ ਰੰਗ ਬੰਨ੍ਹਿਆ। ਪ੍ਰੋਗਰਾਮ ਵਿੱਚ ਸ਼ਾਮਲ ਔਰਤਾਂ ਵਲੋਂ ਪੰਜਾਬੀ ਵਿਰਸੇ ਨੂੰ ਯਾਦ ਕਰਦੇ ਹੋਏ ਗੀਤ ਅਤੇ ਬੋਲੀਆਂ ਵੀ ਗਾਈਆਂ ਗਈਆਂ।

ਇਸ ਸਮੇਂ ਅਜੋਕੇ ਸਮਾਜਿਕ ਹਾਲਾਤਾਂ 'ਤੇ ਚੋਟ ਕਰਦੀਆਂ ਵਿਅੰਗਮਈ ਸਕਿੱਟਾਂ ਵੀ ਕੀਤੀਆਂ ਗਈਆਂ। ਸੱਜ-ਸਵਰ ਕੇ ਆਈਆਂ ਬੀਬੀਆਂ ਨੂੰ ਇਨਾਮ ਦਿੱਤੇ ਗਏ। ਜਿਸ ਨੂੰ ਸਫਲ ਬਣਾਉਣ ਵਿੱਚ ਰਮਨ ਵਿਰਕ, ਜਗਮੀਤ ਰੈਪਸੀ ਅਤੇ ਅਰਵਿੰਦ ਸੇਖੋ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਨੇ ਸਹਿਯੋਗ ਦਿੱਤਾ। ਇਸ ਸਮੇਂ ਹਾਜ਼ਰੀਨ ਔਰਤਾਂ ਨੇ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਕੀਤਾ। ਮਨੋਰੰਜਨ ਲਈ ਗੀਤ-ਸੰਗੀਤ, ਗਿੱਧਾ ਅਤੇ ਅਜੋਕੇ ਹਾਲਾਤਾ 'ਤੇ ਸਕਿੱਟਾਂ ਕੀਤੀਆਂ ਗਈਆਂ।  ਪ੍ਰੋਗਰਾਮ ਵਿੱਚ ਹਾਜ਼ਰ ਸਮੂਹ ਮੈਂਬਰਾਂ ਦੇ ਲਈ ਸੁਆਦਿਸ਼ਟ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਨ੍ਹਾਂ ਔਰਤਾਂ ਵਲੋਂ ਰਲ ਕੇ ਕੀਤਾ ਜਾਣ ਵਾਲਾ ਇਹ ਪ੍ਰੋਗਰਾਮ ਆਪਣੇ ਤੀਸਰੇ ਸਾਲ ਯਾਦਗਾਰੀ ਹੋ ਨਿਬੜਿਆ।  


Related News