ਜੀ.ਐੱਚ.ਜੀ. ਅਕੈਡਮੀ ਦੀ ਭੰਗੜਾ ਟੀਮ ਨੇ ਬਾਸਟਨ ਭੰਗੜਾ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

12/06/2023 1:20:45 PM

ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਹੈ। ਜਿੱਥੇ ਪਿੱਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜੀ.ਐੱਚ.ਜੀ. ਅਕੈਡਮੀ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਇਨ੍ਹਾਂ ਦੀ ਸਮੁੱਚੀ ਟੀਮ ਦੇ ਯਤਨਾਂ ਸਦਕਾ ਬੱਚਿਆਂ ਲਈ ਸਾਲਾਨਾ ਸਿਖਲਾਈ ਕੈਂਪ ਅਤੇ ਅੰਤਰਰਾਸ਼ਟਰੀ ਭੰਗੜਾ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿੱਥੇ ਹਜ਼ਾਰਾਂ ਬੱਚੇ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਆਪਣੇ ਮਾਣ-ਮੱਤੇ ਸੱਭਿਆਚਾਰ ਨਾਲ ਜੁੜਦੇ ਹਨ।

ਇਸੇ ਲੜੀ ਤਹਿਤ ਅਮਰੀਕਾ ਦੇ ਸ਼ਹਿਰ ਬਾਸਟਨ ਵਿਖੇ ਉੱਥੋਂ ਦੇ ਸਥਾਨਿਕ ਪ੍ਰਬੰਧਕਾਂ ਵੱਲੋਂ ਕਰਵਾਏ ਗਏ “ਬਾਸਟਨ ਭੰਗੜਾ ਮੁਕਾਬਲੇ” ਵਿੱਚ ਹਿੱਸਾ ਲੈਣ ਪਹੁੰਚੀ ਜੀ.ਐੱਚ.ਜੀ. ਅਕੈਡਮੀ ਫਰਿਜ਼ਨੋ, ਕੈਲੇਫੋਰਨੀਆ ਦੀ ਟੀਮ “ਚੜ੍ਹਦੀ ਜਵਾਨੀ” ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। ਇਸ ਮੁਕਾਬਲੇ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਫਰਿਜ਼ਨੋ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਪਰਮਜੀਤ ਸਿੰਘ ਧਾਲੀਵਾਲ ਅਤੇ ਊਦੇਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਅੰਤਰ-ਰਾਸ਼ਟਰੀ ਪੱਧਰ ‘ਤੇ ਕਨੇਡਾ ਅਤੇ ਅਮਰੀਕਾ ਵਿੱਚੋਂ 200 ਤੋਂ ਵੱਧ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਨੇ ਬਹੁਤ ਜੋਸ਼ ਅਤੇ ਖੂਬਸੂਰਤੀ ਨਾਲ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ- ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਮਾਰੀ 4 ਲੱਖ 22 ਹਜ਼ਾਰ ਦੀ ਠੱਗੀ, ਮਾਮਲਾ ਦਰਜ

ਹਰ ਟੀਮ ਦੀ ਪੇਸ਼ਕਾਰੀ ਬਾ-ਕਮਾਲ ਅਤੇ ਦੇਖਣਯੋਗ ਸੀ। ਇਉਂ ਲੱਗ ਰਿਹਾ ਸੀ ਜਿਵੇਂ ਕਿ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਹੋਵੇ। ਦਰਸ਼ਕਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਸਾਰੀਆਂ ਟੀਮਾਂ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਅੱਗੇ-ਪਿੱਛੇ ਰਹੀਆਂ। ਵਧੀਆ ਪੇਸ਼ਕਾਰੀ ਕਰਕੇ ਇਸ ਮੁਕਾਬਲੇ ਦੀ ਜਿੱਤ ਵਿੱਚ ਪਹਿਲੇ ਸਥਾਨ ਦੀ ਟਰਾਫੀ ਜੀ.ਐਚ.ਜੀ. ਅਕੈਡਮੀ ਫਰਿਜ਼ਨੋ ਦੇ ਗੱਭਰੂਆਂ ਨੂੰ ਪ੍ਰਾਪਤ ਹੋਈ।

ਇਨ੍ਹਾਂ ਭੰਗੜਾ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਜਿੱਥੇ ਬਾਸਟਨ ਦੇ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ, ਉੱਥੇ ਫਰਿਜ਼ਨੋ ਦੀ ਟੀਮ ਦੀ ਸ਼ਲਾਘਾਯੋਗ ਪੇਸ਼ਕਾਰੀ ਅਤੇ ਪਹਿਲੇ ਸਥਾਨ ਦੀ ਪੇਸ਼ਕਾਰੀ ਨੇ ਜੀ.ਐੱਚ.ਜੀ. ਅਕੈਡਮੀ ਦਾ ਬਹੁਤ ਮਾਣ ਵਧਾਇਆ। ਜ਼ਿਕਰਯੋਗ ਹੈ ਕਿ ਇਹ ਜੀ.ਐੱਚ.ਜੀ. ਅਕੈਡਮੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਹੋਰ ਜਾਣਕਾਰੀ ਵਧਾਉਣ ਲਈ ਵੀ ਸੈਮੀਨਾਰ ਕਰਵਾਉਂਦੀ ਰਹਿੰਦੀ ਹੈ। ਇਹ ਸਾਰੇ ਕਾਰਜ ਮੁਫ਼ਤ ਵਿੱਚ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਬਾਸਟਨ ਭੰਗੜਾ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜੀ.ਐਚ.ਜੀ. ਅਕੈਡਮੀ ਦੇ ਸਾਰੇ ਬੱਚੇ, ਪ੍ਰਬੰਧਕ ਅਤੇ ਮਾਪੇ ਵੀ ਵਧਾਈ ਦੇ ਪਾਤਰ ਹਨ। ਜੋ ਸਾਰਾ-ਸਾਰਾ ਸਾਲ ਆਪਣੇ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਵਿੱਚ ਉਪਰਾਲੇ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ- ਕਪਾਹ ਦੀ ਘਟ ਰਹੀ ਮੰਗ ਕਾਰਨ ਨਹੀਂ ਮਿਲ ਰਿਹਾ ਵਾਜਬ ਮੁੱਲ, ਕਿਸਾਨ ਹੋਏ ਪ੍ਰੇਸ਼ਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh