'ਯੁੱਧ ਕਾਰਨ ਹਰੇਕ ਸਾਲ 1,00,000 ਤੋਂ ਜ਼ਿਆਦਾ ਬੱਚਿਆਂ ਦੀ ਹੁੰਦੀ ਹੈ ਮੌਤ'

02/15/2019 1:05:25 PM

ਬਰਲਿਨ (ਭਾਸ਼ਾ)— ਜਰਮਨੀ ਦੇ ਸ਼ਹਿਰ ਮਿਊਨਿਖ ਦੇ ਗੈਰ ਸਰਕਾਰੀ ਸੰਗਠਨ 'ਸੇਵ ਦੀ ਚਿਲਡਰਨ ਇੰਟਰਨੈਸ਼ਨਲ' ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੁੱਧ ਅਤੇ ਉਸ ਦੇ ਪ੍ਰਭਾਵ ਕਾਰਨ ਹਰੇਕ ਸਾਲ ਘੱਟੋ-ਘੱਟ ਇਕ ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸ ਵਿਚ ਭੁੱਖ ਅਤੇ ਮਦਦ ਨਾ ਮਿਲਣ ਜਿਹੇ ਪ੍ਰਭਾਵ ਸ਼ਾਮਲ ਹਨ। ਇਕ ਅਨੁਮਾਨ ਮੁਤਾਬਕ 10 ਯੁੱਧ ਪੀੜਤ ਦੇਸ਼ਾਂ ਵਿਚ ਸਾਲ 2013 ਤੋਂ 2017 ਵਿਚਕਾਰ ਯੁੱਧ ਕਾਰਨ 5,50,000 ਬੱਚੇ ਦਮ ਤੋੜ ਚੁੱਕੇ ਹਨ। ਉਨ੍ਹਾਂ ਦੀ ਮੌਤ ਯੁੱਧ ਅਤੇ ਉਸ ਦੇ ਪ੍ਰਭਾਵਾਂ ਕਾਰਨ ਹੋਈ ਹੈ। ਜਿਸ ਵਿਚ ਹਸਪਤਾਲਾਂ ਅਤੇ ਬੁਨਿਆਦੀ ਢਾਂਚਿਆਂ ਨੂੰ ਪਹੁੰਚਿਆ ਨੁਕਸਾਨ, ਭੁੱਖ, ਸਿਹਤ ਦੇਖਭਾਲ ਤੱਕ ਪਹੁੰਚ ਦੀ ਕਮੀ, ਸਫਾਈ ਅਤੇ ਮਦਦ ਨਾ ਮਿਲ ਪਾਉਣ ਜਿਹੇ ਕਾਰਨ ਸ਼ਾਮਲ ਹਨ।

ਸੰਗਠਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਥਾਰਨਿੰਗ ਸ਼ਿਮਿਡਟ ਨੇ ਇਕ ਬਿਆਨ ਵਿਚ ਕਿਹਾ,''ਹਰ 5 ਵਿਚੋਂ ਕਰੀਬ ਇਕ ਬੱਚਾ ਖਤਰਨਾਕ ਇਲਾਕੇ ਵਿਚ ਰਹਿ ਰਿਹਾ ਹੈ। ਬੀਤੇ ਦੋ ਦਹਾਕੇ ਵਿਚ ਇਹ ਸਭ ਤੋਂ ਵੱਡੀ ਗਿਣਤੀ ਹੈ।'' ਸੇਵ ਦੀ ਚਿਲਡਰਨ ਨੇ ਕਿਹਾ ਕਿ ਉਸ ਨੇ ਓਸਲੋ ਸਥਿਤ 'ਪੀਸ ਰਿਸਰਚ ਇੰਸਟੀਚਿਊਟ' ਨਾਲ ਅਧਿਐਨ ਵਿਚ ਪਾਇਆ ਕਿ 2017 ਵਿਚ 42 ਕਰੋੜ ਬੱਚੇ ਸੰਕਟ ਪੀੜਤ ਇਲਾਕਿਆਂ ਵਿਚ ਰਹਿ ਰਹੇ ਸਨ। ਇਹ ਦੁਨੀਆ ਭਰ ਦੇ ਬੱਚਿਆਂ ਦੀ ਗਿਣਤੀ ਦਾ 18 ਫੀਸਦੀ ਹਿੱਸਾ ਹੈ ਅਤੇ ਬੀਤੇ ਸਾਲ ਦੇ ਮੁਕਾਬਲੇ ਇਸ ਵਿਚ 3 ਕਰੋੜ ਬੱਚਿਆਂ ਦਾ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ, ਮੱਧ ਅਫਰੀਕੀ ਗਣਰਾਜ, ਕਾਂਗੋ, ਇਰਾਕ, ਮਾਲੀ, ਨਾਈਜੀਰੀਆ, ਸੋਮਾਲੀਆ, ਦੱਖਣੀ ਸੂਡਾਨ, ਸੀਰੀਆ ਅਤੇ ਯਮਨ ਸਭ ਤੋਂ ਜ਼ਿਆਦਾ ਸੰਕਟ ਪੀੜਤ ਦੇਸ਼ ਹਨ।

Vandana

This news is Content Editor Vandana