ਚੋਣਾਂ ਜਿੱਤਣ ਤੋਂ ਬਾਅਦ ਜਰਮਨੀ ਦੀ ਚਾਂਸਲਰ ਨੇ ਸ਼ਰਨਾਥੀਆਂ ਲਈ ਲਿਆ ਇਹ ਫੈਸਲਾ

10/09/2017 12:07:32 PM

ਬਰਲਿਨ (ਭਾਸ਼ਾ)— ਬਹੁਮਤ ਤੋਂ ਘੱਟ ਵੋਟਾਂ ਪ੍ਰਾਪਤ ਕੇ ਚੋਣਾਂ ਜਿੱਤਣ ਦੇ ਦੋ ਹਫਤਿਆਂ ਬਾਅਦ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਜਰਮਨੀ ਵਿਚ ਸ਼ਰਨਾਰਥੀਆਂ ਨੂੰ ਸੀਮਤ ਗਿਣਤੀ 'ਚ ਸਵੀਕਾਰ ਕਰਨ 'ਤੇ ਸਹਿਮਤ ਹੋ ਗਈ ਹੈ। ਇਹ ਕਦਮ ਉਨ੍ਹਾਂ ਨੇ ਨਵੀਂ ਸਰਕਾਰ ਦੇ ਗਠਨ ਲਈ ਹੋਣ ਵਾਲੇ ਗਠਜੋੜ ਦੀ ਗੱਲਬਾਤ ਤੋਂ ਪਹਿਲਾਂ ਆਪਣੇ ਕੰਜ਼ਰਵੇਟਿਵ ਧਿਰ ਨੂੰ ਇਕਜੁਟ ਕਰਨ ਖਾਤਰ ਚੁੱਕਿਆ ਹੈ। ਮਰਕੇਲ ਦੇ ਦਲ ਨੇ ਹੋਸਰਟ ਸੀਹੋਫਰ ਦੀ ਅਗਵਾਈ ਵਿਚ ਸਹਿਯੋਗੀ ਦਲ ਬਵੇਰੀਆ ਦੇ ਕ੍ਰਿਸ਼ੀਚਅਨ ਸੋਸ਼ਲ ਯੂਨੀਅਨ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਸੀਹੋਫਰ ਨੇ ਮਰਕੇਲ ਦੇ ਉਸ ਫੈਸਲੇ 'ਤੇ ਰੋਸ ਜ਼ਾਹਰ ਕੀਤਾ, ਜਿਸ  'ਚ ਉਨ੍ਹਾਂ ਨੇ ਸਾਲ 2015 ਤੋਂ ਹੁਣ ਤੱਕ 10 ਲੱਖ ਤੋਂ ਵਧ ਸ਼ਰਨਾਰਥੀਆਂ ਨੂੰ ਜਰਮਨੀ ਵਿਚ ਆਉਣ ਦੀ ਮਨਜ਼ੂਰੀ ਦਿੱਤੀ। ਇਕ ਰਿਪੋਰਟ ਮੁਤਾਬਕ ਬੰਦ ਦਰਵਾਜ਼ਿਆਂ ਪਿਛੇ 10 ਘੰਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਕ੍ਰਿਸ਼ੀਚਅਨ ਸੋਸ਼ਲ ਯੂਨੀਅਨ ਅਤੇ ਮਰਕੇਲ ਦੀ ਪਾਰਟੀ ਸੀ. ਡੀ. ਯੂ. ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਇੱਥੇ ਆਉਣ ਵਾਲੇ ਸ਼ਰਨਾਥੀਆਂ ਦੀ ਸੀਮਾ ਨੂੰ 2 ਲੱਖ ਪ੍ਰਤੀ ਸਾਲ ਤੱਕ ਸੀਮਤ ਕੀਤਾ ਜਾਵੇ। ਸੀਹੋਫਰ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਜਿਸ ਨੂੰ ਮਰਕੇਲ ਲਗਾਤਾਰ ਖਾਰਜ ਕਰ ਰਹੀ ਸੀ। ਇਸ ਬੈਠਕ ਦਾ ਟੀਚਾ ਕੰਜ਼ਰਵੇਟਿਵ ਸਿਸਟਰ ਪਾਰਟੀਆਂ ਦਰਮਿਆਨ ਮਤਭੇਦਾਂ ਨੂੰ ਸੁਲਝਾ ਕੇ ਉਨ੍ਹਾਂ ਨੂੰ ਫਿਰ ਇਕਜੁਟ ਕਰਨਾ ਹੈ, ਤਾਂ ਕਿ ਦੋ ਛੋਟੀਆਂ ਪਾਰਟੀਆਂ ਫਰੀ ਡੈਮੋਕ੍ਰੇਟਸ ਅਤੇ ਇਕੋਲਾਜਿਸਟ ਗ੍ਰੀਨਸ ਨਾਲ ਹੋਣ ਵਾਲੇ ਗਠਜੋੜ ਸੰਬੰਧੀ ਗੱਲਬਾਤ 'ਚ ਉਹ ਇਕਜੁਟ ਮੋਰਚੇ ਦੇ ਤੌਰ 'ਤੇ ਸਾਹਮਣੇ ਆਏ।