ਇਸ ਸ਼ਖਸ ਨੇ ਆਪਣੀ ਪਤਨੀ ਨੂੰ ਤੋਹਫੇ ''ਚ ਦਿੱਤੀਆਂ 55 ਹਜ਼ਾਰ ਡਰੈੱਸਾਂ

01/22/2019 2:20:21 PM

ਬਰਲਿਨ (ਬਿਊਰੋ)— ਦੁਨੀਆ ਵਿਚ ਹਰ ਵਿਆਹੁਤਾ ਜੋੜਾ ਖਾਸ ਮੌਕਿਆਂ 'ਤੇ ਇਕ-ਦੂਜੇ ਨੂੰ ਤੋਹਫਾ ਦਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਬਾਰੇ ਦੱਸ ਰਹੇ ਹਾਂ ਉਸ ਨੇ ਆਪਣੀ ਪਤਨੀ ਨੂੰ ਤੋਹਫੇ ਦੇਣ ਦਾ ਵਰਲਡ ਰਿਕਾਰਡ ਬਣਾਇਆ ਹੈ। ਜਰਮਨੀ ਦੇ ਬਰਲਿਨ ਦੇ ਰਹਿਣ ਵਾਲਾ ਇਕ 83 ਸਾਲਾ ਸ਼ਖਸ ਹੁਣ ਤੱਕ ਆਪਣੀ ਪਤਨੀ ਨੂੰ 55 ਹਜ਼ਾਰ ਡਿਜ਼ਾਈਨਰ ਡਰੈੱਸਾਂ ਤੋਹਫੇ ਵਿਚ ਦੇ ਚੁੱਕਾ ਹੈ। ਵਿਅਕਤੀ ਦਾ ਨਾਮ ਪਾਲ ਬ੍ਰੋਕਮਨ (Paul Brockmann) ਹੈ। ਇਸ ਗੱਲ ਦਾ ਖੁਲਾਸਾ ਖੁਦ ਬ੍ਰੋਕਮਨ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਸ ਦੀ ਪਤਨੀ ਮਾਰਗੋਟ ਇਕ ਹੀ ਡਰੈੱਸ ਦੁਬਾਰਾ ਪਹਿਨੇ।

ਬ੍ਰੋਕਮਨ ਨੇ ਦੱਸਿਆ ਕਿ ਪਹਿਲੀ ਵਾਰ ਉਹ ਮਾਰਗੋਟ ਨਾਲ ਡਾਂਸ ਹਾਲ ਵਿਚ ਮਿਲਿਆ ਸੀ। ਇਸ ਮੁਲਾਕਾਤ ਮਗਰੋਂ ਦੋਹਾਂ ਨੇ ਵਿਆਹ ਕਰ ਲਿਆ। ਉਸੇ ਸਮੇਂ ਤੋਂ ਉਹ ਮਾਰਗੋਟ ਨੂੰ ਡਿਜ਼ਾਈਨਰ ਡਰੈੱਸ ਗਿਫਟ ਕਰਦੇ ਆ ਰਹੇ ਹਨ। ਸਾਲ 2014 ਵਿਚ ਉਨ੍ਹਾਂ ਨੇ ਡਰੈੱਸ ਖਰੀਦਣੀ ਬੰਦ ਕਰ ਦਿੱਤੀ। ਉਨ੍ਹਾਂ ਦੇ ਇਸ ਜਨੂੰਨ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। 

ਬ੍ਰੋਕਮਨ ਨੇ ਇਨ੍ਹਾਂ ਸਾਰੀਆਂ ਡਰੈੱਸਾਂ ਦਾ ਕਲੈਕਸ਼ਨ ਵੀ ਕੀਤਾ ਹੈ। ਦੋਹਾਂ ਦੇ ਵਿਆਹ ਨੂੰ 61 ਸਾਲ ਹੋ ਚੁੱਕੇ ਹਨ। ਬ੍ਰੋਕਮੈਨ ਨੇ ਇਕ ਵੀਡੀਓ ਵਿਚ ਦੱਸਿਆ ਕਿ ਉਹ ਕਿਹੜੀ ਗੱਲ ਤੋਂ ਪ੍ਰੇਰਿਤ ਹੋ ਕੇ ਆਪਣੀ ਪਤਨੀ ਨੂੰ ਡਰੈੱਸ ਗਿਫਟ ਕਰਦੇ ਰਹੇ ਸਨ। ਉਨ੍ਹਾਂ ਨੇ ਕਿਹਾ,''ਅਸੀਂ ਪੂਰੀ ਰਾਤ ਡਾਂਸ ਕੀਤਾ। ਸਾਨੂੰ ਉਸੇ ਵੇਲੇ ਇਕ-ਦੂਜੇ ਨਾਲ ਪਿਆਰ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਮਾਰਗੋਟ ਕੋਲ ਸਕਰਟ ਅਤੇ ਸਫੇਦ ਪੈਟੀਕੋਟ ਸਨ।'' ਉਨ੍ਹਾਂ ਨੇ ਜ਼ਿਆਦਾਤਰ ਕੱਪੜੇ ਸੇਲ ਵਿਚੋਂ ਹੀ ਖਰੀਦੇ ਹਨ। 

ਬ੍ਰੋਕਮਨ ਦਾ ਕੱਪੜਿਆਂ ਦਾ ਕਲੈਕਸ਼ਨ ਕਾਫੀ ਵੱਡਾ ਹੈ। ਇਸ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੇ ਅਮਰੀਕੀ ਡਿਪਾਰਟਮੈਂਟਲ ਸਟੋਰ ਨਾਲ ਡੀਲ ਤੱਕ ਕਰ ਲਈ ਸੀ। ਉਨ੍ਹਾਂ ਦਾ ਕਹਿਣਾ ਹੈ,''ਜਦੋਂ ਸਟਾਈਲ ਬਦਲਦੇ ਸਨ ਤਾਂ ਉਹ ਮੈਨੂੰ ਫੋਨ ਕਰਦੇ ਸਨ ਅਤੇ ਉਚਿਤ ਮੁੱਲ 'ਤੇ ਕੱਪੜੇ ਵੇਚਦੇ ਸਨ।'' ਉਨ੍ਹਾਂ ਨੇ ਕੱਪੜੇ ਖਰੀਦਣਾ ਇਸ ਲਈ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਕੋਲ ਕੱਪੜੇ ਰੱਖਣ ਦੀ ਜਗ੍ਹਾ ਨਹੀਂ ਬਚੀ ਸੀ। ਇੱਥੇ ਦੱਸ ਦਈਏ ਕਿ ਜੋੜੇ ਨੇ ਹੁਣ ਤੱਕ 7 ਹਜ਼ਾਰ ਡਰੈੱਸਾਂ ਵੇਚ ਦਿੱਤੀਆਂ ਹਨ ਅਤੇ ਆਉਣ ਵਾਲੇ ਸਾਲਾਂ ਵਿਚ 48 ਹਜ਼ਾਰ ਡਰੈੱਸਾਂ ਨੂੰ ਵੇਚਣ ਲਈ ਤਿਆਰ ਹੈ।

Vandana

This news is Content Editor Vandana