ਯੂਰਪ ''ਚ ਗਰਮੀ ਦਾ ਕਹਿਰ ਜਾਰੀ, ਜਰਮਨੀ ''ਚ ਪਾਰਾ 40.5 ਡਿਗਰੀ ਪਹੁੰਚਿਆ

07/25/2019 4:49:03 PM

ਬਰਲਿਨ (ਬਿਊਰੋ)— ਦੁਨੀਆ ਦੇ ਕਈ ਹਿੱਸਿਆਂ ਵਿਚ ਇਨੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਯੂਰਪ ਦੇ ਜ਼ਿਆਦਾਤਰ ਹਿੱਸਿਆਂ ਵਿਚ ਵੀਰਵਾਰ ਨੂੰ ਪਾਰਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇੱਥੇ ਲੂ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਰਹੀ। ਲੋਕ ਪਾਣੀ ਅਤੇ ਛਾਂ ਦੀ ਤਲਾਸ਼ ਕਰਦੇ ਦਿਸੇ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਪਾਰਾ 41 ਜਾਂ 42 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਆਸ ਸੀ ਜੋ 70 ਸਾਲ ਤੋਂ ਵੱਧ ਸਮੇਂ ਵਿਚ ਬਣੇ 40.4 ਡਿਗਰੀ ਸੈਲਸੀਅਮ ਦੇ ਗਰਮੀ ਦੇ ਰਿਕਾਰਡ ਨੂੰ ਤੋੜਨ ਵਾਲਾ ਸੀ।

ਬ੍ਰਿਟੇਨ ਦੇ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਕਿ ਅਗਸਤ 2004 ਵਿਚ ਕੇਂਟ ਦੇ ਫੇਵਰਸ਼ੈਮ ਵਿਚ ਦਰਜ ਕੀਤਾ ਗਿਆ 38.5 ਡਿਗਰੀ ਸੈਲਸੀਅਸ ਦਾ ਰਿਕਾਰਡ ਤਾਪਮਾਨ ਵੀਰਵਾਰ ਨੂੰ ਟੁੱਟ ਜਾਵੇਗਾ। ਬੁੱਧਵਾਰ ਨੂੰ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਵਿਚ ਉੱਚ ਤਾਪਮਾਨ ਦਰਜ ਕੀਤੇ ਗਏ। ਵੀਰਵਾਰ ਨੂੰ ਯੂਰਪ ਵਿਚ ਗਰਮ ਹਵਾਵਾਂ ਸਿਖਰ 'ਤੇ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਸੀ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਹ ਦੂਜੀ ਵਾਰ ਹੈ ਜਦੋਂ ਤਾਪਮਾਨ ਸਿਖਰ 'ਤੇ ਪਹੁੰਚਿਆ ਹੈ ਅਤੇ ਇਹ ਜਲਵਾਯੂ ਤਬਦੀਲੀ 'ਤੇ ਨਵੇਂ ਸਿਰੇ ਤੋਂ ਧਿਆਨ ਦੇਣ ਦੀ ਪ੍ਰੇਰਣਾ ਦੇ ਰਿਹਾ ਹੈ। ਭਾਵੇਂਕਿ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਕਿ ਸ਼ੁੱਕਰਵਾਰ ਨੂੰ ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ ਅਤੇ ਠੰਡਾ ਮੌਸਮ ਲੋਕਾਂ ਨੂੰ ਰਾਹਤ ਦੇ ਸਕਦਾ ਹੈ।

ਪੈਰਿਸ ਸਥਿਤ ਫਰਾਂਸ ਦੇ ਉੱਤਰੀ ਇਲਾਕੇ ਵਿਚ ਇਕ ਤਿਹਾਈ ਹਿੱਸੇ ਵਿਚ ਰੈੱਡ ਐਲਰਟ ਐਲਾਨਿਆ ਗਿਆ ਸੀ। ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿਚ 'ਯੇਲੋ ਵਾਰਨਿੰਗ' ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਪਾਣੀ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਨੀਦਰਲੈਂਡ ਵਿਚ ਕਿਸਾਨ ਰਾਤ ਵੇਲੇ ਆਪਣੀਆਂ ਗਾਂਵਾਂ ਨੂੰ ਘਰਾਂ ਦੇ ਬਾਹਰ ਰੱਖ ਰਹੇ ਹਨ। ਡਚ ਮੀਡੀਆ ਨੇ ਕਿਹਾ ਕਿ ਇਕ ਵੈਂਟੀਲੈਟਰ ਫੇਲ ਹੋਣ ਕਾਰਨ ਸੈਂਕੜੇ ਸੂਰਾਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਡਚ ਸ਼ਹਿਰ ਗਿਲਜ਼-ਰੀਜ਼ਨ ਵਿਚ 38.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਿਸ ਨੇ 75 ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ। 

ਬੈਲਜੀਅਮ ਨੇ ਕਲੇਨ-ਬ੍ਰੋਗਲ ਮਿਲਟਰੀ ਅੱਡੇ 'ਤੇ 39.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਜਿਸ ਨੇ ਜੂਨ 1947 ਵਿਚ ਬਣੇ ਸਭ ਤੋਂ ਗਰਮ ਮੌਸਮ ਦੇ ਰਿਕਾਰਡ ਨੂੰ ਤੋੜ ਦਿੱਤਾ। ਜਰਮਨੀ ਦੇ ਪੱਛਮੀ ਸ਼ਹਿਰ ਗਾਏਲਿਕਿਸ ਵਿਚ ਪਾਰਾ 40.5 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ। ਬ੍ਰਿਟੇਨ ਅਤੇ ਫਰਾਂਸ ਵਿਚ ਟਰੇਨਾਂ ਗਰਮੀ ਕਾਰਨ ਹੌਲੀ ਗਤੀ ਨਾਲ ਚਲਾਈਆਂ ਜਾ ਰਹੀਆਂ ਹਨ।

Vandana

This news is Content Editor Vandana