ਕੋਰੋਨਾਵਾਇਰਸ ਨੂੰ ਲੈ ਕੇ WHO ਨੇ ਜਾਰੀ ਕੀਤੀ ਵੱਡੀ ਚਿਤਾਵਨੀ

02/10/2020 3:27:45 PM

ਜੈਨੇਵਾ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨੂੰ ਲੈ ਕੇ ਅੱਜ ਭਾਵ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਵੱਡੀ ਚਿਤਾਵਨੀ ਜਾਰੀ ਕੀਤੀ। ਡਬਲਊ.ਐੱਚ.ਓ. ਨੇ ਕਿਹਾ ਕਿ ਦੁਨੀਆ ਦੇ ਮੁੱਖ ਦੇਸ਼ਾਂ ਵਿਚੋਂ ਉਹਨਾਂ ਲੋਕਾਂ ਦੇ ਵੀ ਇਸ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਨੇ ਕਦੇ ਚੀਨ ਦੀ ਯਾਤਰਾ ਨਹੀਂ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋਂ ਬਾਹਰ ਇਸ ਵਾਇਰਸ ਦੇ ਫੈਲਣ ਨੂੰ ਲੈਕੇ ਦੁਨੀਆ ਲਈ ਚਿਤਾਵਨੀ ਦਿੱਤੀ ਅਤੇ ਨਾਲ ਹੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਨਲੇਵਾ ਵਾਇਰਸ ਨਾਲ ਨਜਿੱਠਣ ਲਈ ਹਰ ਵੇਲੇ ਤਿਆਰ ਰਹਿਣ। 

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਤੇਦਰੋਸ ਅਦਹਾਨੋਮ ਗੇਬ੍ਰੇਸਸ ਨੇ ਕਿਹਾ ਕਿ ਕੋਰੋਨਾਵਾਇਰਸ ਉਹਨਾਂ ਲੋਕਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਰਿਹਾ ਹੈ ਜਿਹੜੇ ਕਦੇ ਚੀਨ ਨਹੀਂ ਗਏ। ਅਜਿਹੇ ਵਿਚ ਦੇਸ਼ਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਅਜਿਹੇ ਮਾਮਲਿਆਂ ਦਾ ਪਤਾ ਲੱਗਣਾ ਦੂਜੇ ਦੇਸ਼ਾਂ ਵਿਚ ਇਸ ਦੇ ਫੈਲਣ ਦਾ ਇਸ਼ਾਰਾ ਹੋ ਸਕਦਾ ਹੈ। ਉਹਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਿਰਫ ਸ਼ੁਰੂਆਤ ਭਰ ਹੋਵੇ। ਵਿਸ਼ਵ ਸਿਹਤ ਸੰਗਠਨ ਦੀ ਇਸ ਚਿਤਾਵਨੀ ਨਾਲ ਸਾਫ ਹੈ ਕਿ ਦੁਨੀਆ ਦੇ ਮੰਡਰਾ ਰਿਹਾ ਖਤਰਾ ਕਾਫੀ ਵੱਡਾ ਹੈ। 

ਗੇਬ੍ਰੇਸਸ ਨੇ ਉਹਨਾਂ ਡਾਕਟਰਾਂ ਅਤੇ ਨਰਸਾਂ ਦੀ ਤਾਰੀਫ ਕੀਤੀ ਜੋ ਆਪਣੀ ਜ਼ਿੰਦਗੀ ਖਤਰੇ ਵਿਚ ਪਾ ਕੇ ਇਸ ਮਹਾਮਾਰੀ ਨੂੰ ਕਾਬੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਇਹਨਾਂ ਸਿਹਤ ਕਰਮਚਾਰੀਆਂ ਨੂੰ 'ਅਸਲੀ ਹੀਰੋ' ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਐਮਰਜੈਂਸੀ ਸਥਿਤੀ ਵਿਚ ਸਾਰੇ ਦੇਸ਼ਾਂ ਨੂੰ ਇਸ ਵਾਇਰਸ ਦੇ ਪਹੁੰਚਣ ਦੇ ਖਦਸ਼ੇ ਨੂੰ ਦੇਖਦੇ ਹੋਏ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਸ ਨਾਲ ਨਜਿੱਠਣ ਨੂੰ ਲੈ ਕੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦੇਣੀਆਂ ਚਾਹੀਦੀਆਂ ਹਨ।ਉੱਧਰ ਚੀਨ ਵਿਚ ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਹੋਰ ਇਨਫੈਕਟਿਡ ਹਨ।

Vandana

This news is Content Editor Vandana