ਯੂ. ਐੱਨ. ਨੇ ਭਾਰਤੀ ਪੱਤਰਕਾਰਾਂ ਦੀ ਹੱਤਿਆ ''ਤੇ ਜ਼ਾਹਰ ਕੀਤੀ ਚਿੰਤਾ

03/28/2018 10:35:13 AM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਭਾਰਤ ਵਿਚ ਦੋ ਪੱਤਰਕਾਰਾਂ ਦੀ ਹੱਤਿਆ ਅਤੇ ਵਿਸ਼ਵ ਪੱਧਰ 'ਤੇ ਮੀਡੀਆ ਕਰਮਚਾਰੀਆਂ ਲਈ ਪੈਦਾ ਹੋ ਰਹੀ ਹਿੰਸਾ ਪ੍ਰਤੀ ਚਿੰਤਾ ਜ਼ਾਹਰ ਕੀਤੀ ਹੈ। ਜਨਰਲ ਸਕੱਤਰ ਦੇ ਉੱਪ ਬੁਲਾਰੇ ਫਰਹਾਨ ਹੱਕ ਨੇ ਪੱਤਰਕਾਰ ਸੰਮੇਲਨ 'ਚ ਕਿਹਾ, ''ਅਸੀਂ ਨਿਸ਼ਚਿਤ ਤੌਰ 'ਤੇ ਵਿਸ਼ਵ ਵਿਚ ਕਿਤੇ ਵੀ ਪੱਤਰਕਾਰਾਂ ਦੇ ਵਿਰੁੱਧ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਅੱਤਿਆਚਾਰ ਅਤੇ ਹਿੰਸਾ ਨੂੰ ਲੈ ਕੇ ਚਿੰਤਤ ਹਾਂ।'' ਹੱਕ ਤੋਂ ਭਾਰਤ ਵਿਚ ਦੋ ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਉਨ੍ਹਾਂ ਨੇ ਇਹ ਜਵਾਬ ਦਿੱਤਾ। 
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਇਕ ਸਥਾਨਕ ਟੀ. ਵੀ. ਚੈਨਲ 'ਚ ਕੰਮ ਕਰਨ ਵਾਲੇ 35 ਸਾਲਾ ਸੰਦੀਪ ਸ਼ਰਮਾ ਦੀ ਟਰੱਕ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ ਸੀ। ਨਾਜਾਇਜ਼ ਰੇਤ ਖਨਨ 'ਤੇ ਸਟਿੰਗ ਆਪਰੇਸ਼ਨ ਕਰਨ ਤੋਂ ਬਾਅਦ ਸੰਦੀਪ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਦੂਜੇ ਪਾਸੇ ਪੱਤਰਕਾਰ ਨਵੀਨ ਨਿਸ਼ਚਲ ਭੋਜਪੁਰ ਜ਼ਿਲੇ ਵਿਚ ਇਕ ਐੱਸ. ਯੂ. ਵੀ. ਕਾਰ ਵਲੋਂ ਕੁਚਲੇ ਗਏ ਦੋ ਲੋਕਾਂ ਵਿਚ ਸ਼ਾਮਲ ਸਨ।