ਪੁੱਤ ਦੇ ਚੰਗੇ ਭਵਿੱਖ ਲਈ ਮਾਂ ਗਈ ਸੀ ਕੈਨੇਡਾ ਪਰ ਬਦਕਿਸਮਤੀ ਨੇ ਉਜਾੜ ਦਿੱਤਾ ਘਰ

09/01/2017 9:22:21 AM

ਕੈਲਗਰੀ— ਆਪਣੇ ਬੱਚੇ ਦੇ ਭਵਿੱਖ ਲਈ ਇਕ ਮਾਂ ਨੇ ਆਪਣਾ ਦੇਸ਼ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਈਰਾਨ ਤੋਂ ਕੈਨੇਡਾ ਉਸ ਨੂੰ ਉਸ ਦੀ ਮੌਤ ਖਿੱਚ ਕੇ ਲੈ ਆਈ ਸੀ। ਮਰੀਅਮ ਰਸ਼ੀਦੀ ਨਾਂ ਦੀ ਇਹ ਮਾਂ ਗੈਸ ਸਟੇਸ਼ਨ 'ਤੇ ਕੰਮ ਕਰ ਰਹੀ ਸੀ ਕਿ ਜੋਸ਼ੂਆ ਮਿਸ਼ੇਲ ਨਾਂ ਦਾ ਇਕ ਵਿਅਕਤੀ 113 ਡਾਲਰਾਂ ਦਾ ਤੇਲ ਭਰਵਾ ਕੇ ਰਫੂ ਚੱਕਰ ਹੋ ਗਿਆ। ਉਸ ਦਾ ਪਿੱਛਾ ਕਰਕੇ ਇਹ ਇਮਾਨਦਾਰ ਮਰੀਅਮ ਰਸ਼ੀਦੀ ਉਸ ਦੇ ਪਿੱਛੇ ਦੌੜੀ ਅਤੇ ਦੁਰਘਟਨਾ ਦੀ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਆਪਣੇ ਬੱਚੇ ਦੇ ਭਵਿੱਖ ਲਈ ਉਹ ਦਿਨ-ਰਾਤ ਮਿਹਨਤ ਕਰਦੀ ਰਹੀ ਤੇ ਉਸ ਨੂੰ ਰੌਂਦਿਆਂ ਛੱਡ ਕੇ 7 ਜੂਨ 2015 ਨੂੰ ਇਸ ਦੁਨੀਆ ਨੂੰ ਅਲਵਿਦਾ ਕਰ ਗਈ। 


ਬਦਕਿਸਮਤੀ ਨੇ ਇੱਥੇ ਹੀ ਪਿੱਛਾ ਨਾ ਛੱਡਿਆ ਇਸ ਦੇ ਦੋ ਸਾਲਾਂ ਮਗਰੋਂ ਬੱਚੇ ਦੇ ਪਿਤਾ ਭਾਵ ਰਸ਼ੀਦੀ ਦੇ ਪਤੀ ਦੀ ਇਕ ਸੜਕ ਦੁਰਘਟਨਾ 'ਚ ਮੌਤ ਹੋ ਗਈ। ਉਸ ਸਮੇਂ ਉਹ ਰਸ਼ੀਦੀ ਦੀ ਮੌਤ ਦੇ ਦੋ ਸਾਲ ਹੋਣ 'ਤੇ ਇਕ ਸੋਗ ਸਮਾਗਮ ਕਰਨ ਲਈ ਜਾ ਰਿਹਾ ਸੀ। 
8 ਸਾਲਾ ਬੱਚੇ ਨੂੰ ਅਨਾਥ ਕਰਨ ਵਾਲੇ ਦੋਸ਼ੀ ਮਿਸ਼ੇਲ ਨੂੰ ਅਦਾਲਤ ਨੇ 11 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੇ ਕੱਲ ਇਕ ਬਿਆਨ 'ਚ ਕਿਹਾ ਕਿ ਉਹ ਆਪਣੀ ਗਲਤੀ 'ਤੇ ਪਛਤਾ ਰਿਹਾ ਹੈ। ਉਹ ਨਹੀਂ ਜਾਣਦਾ ਸੀ ਕਿ ਉਸ ਦੀ ਇਕ ਗਲਤੀ ਕਾਰਨ ਇਕ ਮਾਸੂਮ ਆਪਣੀ ਮਾਂ ਦਾ ਵਿਛੋੜਾ ਸਹਿਣ ਕਰੇਗਾ। ਉਸ ਨੇ ਕਿਹਾ ਕਿ ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਰਸ਼ੀਦੀ ਨੂੰ ਮੁੜ ਲੈ ਆਵੇ ਅਤੇ ਇਸ ਪਰਿਵਾਰ ਦੇ ਦੁੱਖਾਂ ਨੂੰ ਖਤਮ ਕਰ ਦੇਵੇ। ਰਸ਼ੀਦੀ ਦੇ ਭਰਾ ਨੇ ਕਿਹਾ ਕਿ ਰਸ਼ੀਦੀ ਦੀ ਮੌਤ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ ਹੈ ਪਰ ਉਹ ਵਕਤ ਦੇ ਹੱਥੋਂ ਮਜ਼ਬੂਰ ਹਨ।