ਆਸਟਰੇਲੀਆ 'ਚ ਸੈਲਫੀ ਲੈ ਰਹੇ ਭਾਰਤੀ ਵਿਦਿਆਰਥੀ ਦੀ ਮੌਤ

05/19/2018 8:53:51 AM

ਪਰਥ— ਪੱਛਮੀ ਆਸਟਰੇਲੀਆ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ 'ਤੇ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਇਸ ਮੌਤ ਦਾ ਕਾਰਨ ਸੈਲਫੀ ਬਣੀ ਹੈ। ਇਹ ਹਾਦਸਾ ਵੀਰਵਾਰ ਦੁਪਹਿਰ ਨੂੰ 2.30 ਅਤੇ 3 ਵਜੇ ਦਰਮਿਆਨ ਵਾਪਰਿਆ। ਜਾਣਕਾਰੀ ਮੁਤਾਬਕ ਭਾਰਤੀ ਵਿਦਿਆਰਥੀ ਆਪਣੇ ਦੋਸਤਾਂ ਨਾਲ ਸੈਰ ਸਪਾਟੇ ਵਾਲੇ ਸਥਾਨ 'ਦਿ ਗੈਪ' ਐਲਬਨੀ ਵਿਖੇ ਗਿਆ ਸੀ। ਇੱਥੇ ਉਹ ਚੱਟਾਨਾਂ 'ਤੇ ਖੜ੍ਹਾ ਹੋ ਕੇ ਸੈਲਫੀ ਲੈ ਰਿਹਾ ਸੀ। ਇਸੇ ਦੌਰਾਨ ਉਹ ਚੱਟਾਨ ਤੋਂ ਫਿਸਲ ਗਿਆ ਅਤੇ ਸਮੁੰਦਰ 'ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੇ ਕਾਲਜ ਦੇ ਦੋਸਤ ਵੀ ਉਸ ਦੇ ਨਾਲ ਹੀ ਸਨ, ਜਿਨ੍ਹਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। 


ਉਸ ਦੇ ਦੋਸਤਾਂ ਨੇ ਦੱਸਿਆ ਕਿ 'ਦਿ ਗੈਪ' ਨੂੰ ਦੇਖਣ ਲਈ ਬਣਾਏ ਗਏ ਰਸਤੇ ਨੂੰ ਛੱਡ ਕੇ ਉਹ ਚੱਟਾਨਾਂ 'ਤੇ ਸੈਲਫੀ ਲੈਣ ਗਿਆ ਸੀ। ਹਾਲਾਂਕਿ ਉਹ ਪੂਰੇ ਧਿਆਨ ਨਾਲ ਜਾ ਰਿਹਾ ਸੀ ਪਰ ਫਿਰ ਵੀ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਸਮੁੰਦਰ 'ਚ ਜਾ ਡਿੱਗਾ। ਇਹ ਦੇਖ ਕੇ ਉਹ ਸਭ ਘਬਰਾ ਗਏ ਅਤੇ ਉਨ੍ਹਾਂ ਨੇ ਐਮਰਜੈਂਸੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਭਾਰਤੀ ਵਿਦਿਆਰਥੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਐਮਰਜੈਂਸੀ ਵਿਭਾਗ ਨੂੰ ਘਟਨਾ ਵਾਲੀ ਥਾਂ ਤੋਂ 10 ਮੀਟਰ ਦੀ ਦੂਰੀ 'ਤੇ ਉਸ ਦੀ ਲਾਸ਼ ਮਿਲੀ। ਪੁਲਸ ਨੇ ਅਜੇ ਤਕ ਇਸ ਭਾਰਤੀ ਵਿਦਿਆਰਥੀ ਦਾ ਨਾਂ ਜਨਤਕ ਨਹੀਂ ਕੀਤਾ। ਭਾਰਤੀ ਭਾਈਚਾਰੇ 'ਚ ਇਸ ਖਬਰ ਮਗਰੋਂ ਸੋਗ ਦੀ ਲਹਿਰ ਹੈ। ਤੁਹਾਨੂੰ ਦੱਸ ਦਈਏ ਕਿ 1979 ਤੋਂ ਬਾਅਦ 'ਦਿ ਗੈਪ' 'ਚ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5 ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਇੱਥੇ ਦੱਸੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਵਰਤੋਂ ਨਹੀਂ ਕਰਦੇ।