ਪੀ. ਐੱਮ. ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਆਬੇ ਨਾਲ ਕੀਤੀ ਮੁਲਾਕਾਤ

06/27/2019 1:01:40 PM

ਟੋਕੀਓ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ 'ਚ ਆਪਣੇ ਹਮਰੁਤਬਾ ਸ਼ਿੰਜੋ ਆਬੇ ਨਾਲ ਵੀਰਵਾਰ ਨੂੰ ਮੁਲਾਕਾਤ ਕਰ ਕੇ ਸਾਂਝੇ ਹਿੱਤਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਜਾਪਾਨ 'ਚ ਰੀਵਾ ਯੁੱਗ ਦੀ ਸ਼ੁਰੂਆਤ ਦੇ ਬਾਅਦ ਦੋਵੇਂ ਨੇਤਾ ਪਹਿਲੀ ਵਾਰ ਮਿਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਕਤੂਬਰ 'ਚ ਸਮਰਾਟ ਨਾਰੂਹਿਤੋ ਦੀ ਤਾਜਪੋਸ਼ੀ ਸਮਾਰੋਹ 'ਚ ਹਿੱਸਾ ਲੈਣਗੇ। ਮੋਦੀ ਨੇ ਆਪਣੇ ਨਾਲ ਜੀ-20 ਸੰਮੇਲਨ 'ਚ ਹਿੱਸਾ ਲੈਣ ਜਾਪਾਨ ਪੁੱਜੇ ਭਾਰਤੀ ਵਫਦ ਨਾਲ ਗਰਮਜੋਸ਼ੀ 'ਚ ਮੁਲਾਕਾਤ ਕਰਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜੀ-20 ਪ੍ਰਧਾਨ ਦੇ ਰੂਪ 'ਚ ਜਾਪਾਨ ਦੀ ਅਗਵਾਈ ਦੀ ਵੀ ਪ੍ਰਸ਼ੰਸਾ ਕੀਤੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਂਝੇ ਹਿੱਤਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ।'' 
ਪ੍ਰਧਾਨ ਮੰਤਰੀ ਨੇ ਆਬੇ ਅਤੇ ਜਾਪਾਨ ਦੇ ਨਾਗਰਿਕਾਂ ਨੂੰ 'ਰੀਵਾ ਯੁੱਗ' ਦੀ ਸ਼ੁਰੂਆਤ ਲਈ ਵਧਾਈ ਦਿੱਤੀ। ਰੀਵਾ ਨਵੇਂ ਯੁੱਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਦੋ ਅੱਖਰਾਂ 'ਰੀ' ਅਤੇ 'ਵਾ' ਨੂੰ ਮਿਲਾ ਕੇ ਬਣਿਆ ਹੈ, ਜਿਸ 'ਚ 'ਰੀ' ਦਾ ਅਰਥ ਆਦੇਸ਼, ਚੰਗਾ ਜਾਂ ਸ਼ੁੱਭ ਅਤੇ 'ਵਾ' ਦਾ ਅਰਥ ਹੈ ਭਾਈਚਾਰਾ।