ਸਾਊਦੀ ਅਰਬ ਦੇ ਖਿਡਾਰੀਆਂ ਦੇ ਵਤੀਰੇ ਤੋਂ ਨਿਰਾਸ਼ ਟਰਨਬੁੱਲ, ਕਿਹਾ...

06/10/2017 2:54:38 PM

ਐਲੀਲੇਡ— ਆਸਟਰੇਲੀਆ ਦੇ ਐਲੀਲੇਡ 'ਚ ਸਾਊਦੀ ਅਰਬ ਦੀ ਫੁੱਟਬਾਲ ਟੀਮ ਮੈਚ ਖੇਡਣ ਗਈ, ਇਸ ਦੌਰਾਨ ਕੁਝ ਖਿਡਾਰੀਆਂ ਦੇ ਵਤੀਰੇ ਕਾਰਨ ਆਸਟਰੇਲੀਆਈ ਪ੍ਰਧਾਨ ਮੈਲਕਮ ਟਰਨਬੁੱਲ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ ਐਲੀਲੇਡ 'ਚ ਚਲ ਰਹੇ ਵਰਲਡ ਕੱਪ ਕੁਆਲੀਫਾਇੰਗ ਮੈਚ ਦੌਰਾਨ ਸਾਊਦੀ ਅਰਬ ਦੀ ਫੁੱਟਬਾਲ ਟੀਮ ਨੇ ਲੰਡਨ ਹਮਲੇ 'ਚ ਮਾਰੇ ਗਏ ਲੋਕਾਂ ਲਈ ਇਕ ਮਿੰਟ ਦਾ ਮੌਨ ਰੱਖਣ ਤੋਂ ਮਨਾ ਕਰ ਦਿੱਤਾ। ਫੁੱਟਬਾਲ ਟੀਮ ਦੇ ਇਸ ਵਤੀਰੇ ਤੋਂ ਟਰਨਬੁੱਲ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ 'ਚ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ। ਉਥੇ ਹੀ ਆਸਟਰੇਲੀਆਈ ਫੁੱਟਬਾਲ ਪ੍ਰਸ਼ੰਸਕਾਂ ਨੇ ਇਸ ਨੂੰ ਬਹੁਤ ਹੀ ਮੰਦਭਾਗਾ ਦੱਸਿਆ। ਫੁੱਟਬਾਲ ਪ੍ਰਸ਼ੰਸਕਾਂ ਨੇ ਵੀ ਕਿਹਾ ਕਿ ਇਹ ਮ੍ਰਿਤਕ ਲੋਕਾਂ ਲਈ ਬਹੁਤ ਹੀ ਅਪਮਾਨਜਨਕ ਹੈ। 
ਇਸ ਮੈਚ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਦੋਹਾਂ ਟੀਮਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਲੰਡਨ ਹਮਲੇ ਵਿਚ ਮਾਰੇ ਗਏ ਲੋਕਾਂ ਲਈ ਇਕ ਮਿੰਟ ਦਾ ਮੌਨ ਰੱਖਿਆ ਜਾਵੇਗਾ। ਇਸ ਹਮਲੇ 'ਚ ਦੋ ਆਸਟਰੇਲੀਆਈ ਨਾਗਰਿਕਾਂ ਦੀ ਵੀ ਜਾਨ ਗਈ ਸੀ। ਖਿਡਾਰੀਆਂ ਦੇ ਅਜਿਹੇ ਵਤੀਰੇ ਕਾਰਨ ਸਾਊਦੀ ਅਰਬ ਫੁੱਟਬਾਲ ਫੈਡਰੇਸ਼ਨ ਨੇ ਬਾਅਦ 'ਚ ਇਸ ਘਟਨਾ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਫੈਡਰੇਸ਼ਨ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ। ਉਹ ਬ੍ਰਿਟੇਨ ਸਰਕਾਰ ਅਤੇ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹੈ।