ਅਫ਼ਗਾਨਿਸਤਾਨ 'ਚ ਇਕ ਹੋਰ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਦਾ ਗੋਲ਼ੀ ਮਾਰ ਕੇ ਕਤਲ

12/26/2020 3:18:50 PM

ਅਫਗਾਨਿਸਤਾਨ - ਬੀਬੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਕਾਰਕੁੰਨ 'ਫਰੇਸਤਾ ਕੋਹਿਸਤਾਨੀ' ਦਾ ਅਣਪਛਾਤੇ ਹਮਲਾਵਰ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਦਈਏ ਕਿ ਇਹ ਘਟਨਾ ਵੀਰਵਾਰ ਨੂੰ ਉੱਤਰੀ ਕਾਪਿਸਾ ਰਾਜ ਵਿਚ ਵਾਪਰੀ ਹੈ। ਗ੍ਰਹਿ ਵਿਭਾਗ ਦੇ ਬੁਲਾਰੇ ਦੱਸਿਆ ਹੈ ਕਿ ਫਰੇਸਤਾ ਕੋਹਿਸਤਾਨੀ ਦਾ ਕਤਲ਼ ਕੋਹਿਸਤਾਨ ਜ਼ਿਲ੍ਹੇ ਵਿਚ ਇੱਕ ਅਣਪਛਾਤੇ ਹਮਲਾਵਰ ਨੇ ਕੀਤਾ। ਕੋਹਿਸਤਾਨੀ ਦਾ ਭਰਾ ਵੀ ਇਸ ਹਮਲੇ 'ਚ ਜ਼ਖਮੀ ਹੋ ਗਿਆ ਹੈ।

ਕੋਹਿਸਤਾਨੀ ਸੂਬੇ ਦੇ ਕੋਂਸਿਲ ਦੀ ਸਾਬਕਾ ਮੈਂਬਰ ਵੀ ਰਹੀ ਹੈ ਅਤੇ ਅਫਗਾਨਿਸਤਾਨ ਵਿੱਚ ਬੀਬੀਆਂ 'ਤੇ ਹੋ ਰਹੀ ਹਿੰਸਾ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਆਪਣੀ ਆਵਾਜ਼ ਬੁਲੰਦ ਕਰਦੀ ਸੀ। ਇਸ ਤੋਂ ਇਲਾਵਾ ਉਹ ਵਿਰੋਧ ਪ੍ਰਦਰਸ਼ਨਾਂ ਦਾ ਵੀ ਆਯੋਜਨ ਕਰਦੀ ਸੀ। ਇਹ ਕਤਲ਼ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਤਾਲਿਬਾਨ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਬੰਬਾਰੀ ਅਤੇ ਹਿੰਸਾ ਦਾ ਦੌਰ ਵੀ ਲਗਾਤਾਰ ਜਾਰੀ ਹੈ।

ਇਹ ਵੀ ਪਡ਼੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਪ੍ਰਸ਼ਾਸਨ ਤੋਂ ਸੁਰੱਖਿਆ ਦੀ ਕੀਤੀ ਸੀ ਮੰਗ 

ਜ਼ਿਕਰਯੋਗ ਹੈ ਕਿ ਆਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਕੋਹਿਸਤਾਨੀ ਨੇ ਫੇਸਬੁੱਕ 'ਤੇ ਲਿਖਿਆ ਸੀ ਕਿ ਧਮਕੀਆਂ ਮਿਲਣ ਤੋਂ ਬਾਅਦ ਉਸ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਦੇਸ਼ ਭਰ ਵਿੱਚ ਪੱਤਰਕਾਰਾਂ ਅਤੇ ਕਾਰਕੁਨਾਂ ਦੇ ਹੋ ਰਹੇ ਕਤਲ਼ਾਂ ਦੀ ਨਿਖੇਧੀ ਵੀ ਕੀਤੀ ਸੀ।ਦੱਸਦਈਏ ਬੁੱਧਵਾਰ ਨੂੰ ਲੋਕਤੰਤਰ ਪੱਖੀ ਵਕੀਲ ਦੇ ਕਤਲ਼ ਤੋਂ ਬਾਅਦ ਕੋਹਿਸਤਾਨੀ ਦੋ ਦਿਨਾਂ ਦੇ ਅੰਦਰ ਹੀ ਅਫਗਾਨਿਸਤਾਨ ਵਿੱਚ ਕਤਲ਼ ਕੀਤੇ ਜਾਣ ਵਾਲੀ ਦੂਸਰੀ ਕਾਰਕੁੰਨ ਹੈ।

ਇਹ ਵੀ ਪਡ਼੍ਹੋ - ਰੇਲਵੇ ਨੇ ਸਰਦੀਆਂ ਲਈ ਨਵੀਂ ਸਹੂਲਤ ਦੀ ਕੀਤੀ ਸ਼ੁਰੂਆਤ, ਯਾਤਰੀਆਂ ਦੇ ਮੋਬਾਈਲ ’ਤੇ ਆਵੇਗਾ ਮੈਸੇਜ

ਵੀਰਵਾਰ ਨੂੰ ਹੋਏ ਇਸ ਹਮਲੇ ਦੀ ਕਿਸੀ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੇਟ ਨੇ ਹਾਲ ਹੀ ਵਿੱਚ ਕਾਬੁਲ 'ਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur